ਖੰਨਾ ਤੋਂ 'ਆਪ' ਵਿਧਾਇਕ ਦਾ ਰਾਜਾ ਵੜਿੰਗ ਨੂੰ ਸਿੱਧਾ ਚੈਲੇਂਜ ਲੁਧਿਆਣਾ/ਖੰਨਾ : ਆਮ ਆਦਮੀ ਪਾਰਟੀ ਦੇ ਖੰਨਾ ਤੋਂ ਵਿਧਾਇਕ ਅਤੇ ਸੂਬਾ ਇਕਾਈ ਦੇ ਮੀਤ ਪ੍ਰਧਾਨ ਤਰੁਣਪ੍ਰੀਤ ਸਿੰਘ ਸੌਂਧ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੁਣੌਤੀ ਦਿੱਤੀ ਹੈ। ਰਾਜਾ ਵੜਿੰਗ ਨੂੰ ਅਗਲੀ ਵਾਰ ਖੰਨਾ ਤੋਂ ਵਿਧਾਨ ਸਭਾ ਚੋਣ ਲੜਨ ਦੀ ਚੁਣੌਤੀ ਦਿੱਤੀ ਗਈ। ਕਾਂਗਰਸ ਵੱਲੋਂ 21 ਸਤੰਬਰ ਨੂੰ ਖੰਨਾ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਦਿੱਤੇ ਗਏ ਧਰਨੇ ਤੋਂ ਬਾਅਦ ਇਹ ਚੁਣੌਤੀ ਦਿੱਤੀ ਗਈ। ਵਿਧਾਇਕ ਸੌਂਧ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਹੜ੍ਹਾਂ ਦੌਰਾਨ ਰਾਜਾ ਵੜਿੰਗ ਨੂੰ ਖੰਨਾ ਸੱਦ ਕੇ ਭੱਦੀ ਰਾਜਨੀਤੀ ਕੀਤੀ ਅਤੇ ਫਿਰ 21 ਸਤੰਬਰ ਨੂੰ ਮੁੜ ਰਾਜਾ ਵੜਿੰਗ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਖ਼ਿਲਾਫ਼ ਧਰਨਾ ਦੇ ਕੇ ਭੱਦੀ ਰਾਜਨੀਤੀ ਕੀਤੀ ਗਈ। ਖੰਨਾ ਤੋਂ ਵਿਧਾਇਕ ਰਹੇ ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਸਖ਼ਤ ਲਹਿਜ਼ੇ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਖੰਨਾ ਦੇ ਕਾਂਗਰਸੀ ਆਗੂਆਂ ਵਿੱਚ ਦਮ ਹੈ ਤਾਂ ਉਹ ਮੁੱਦਿਆਂ ’ਤੇ ਰਾਜਨੀਤੀ ਕਰਨ ਅਤੇ ਧਰਨੇ ਲਾ ਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ।
ਜੇਕਰ ਰਾਜਾ ਵੜਿੰਗ ਵਿੱਚ ਇੰਨੀ ਹਿੰਮਤ ਹੈ ਤਾਂ ਉਹ ਅਗਲੀ ਵਾਰ ਖੰਨਾ ਤੋਂ ਉਹਨਾਂ ਦੇ ਮੁਕਾਬਲੇ ਚੋਣ ਲੜਨ। ਇਸਦੇ ਨਾਲ ਹੀ ਕਾਂਗਰਸ ਸਰਕਾਰ ਵੇਲੇ ਖੰਨਾ ਤੋਂ ਫੜੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਨੂੰ ਲੈ ਕੇ ਵਿਧਾਇਕ ਸੌਂਧ ਨੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਇਕ ਵਾਰ ਫਿਰ ਘੇਰਿਆ। ਕਾਂਗਰਸੀਆਂ ’ਤੇ ਸ਼ਰਾਬ ਫੈਕਟਰੀ ਲਾਉਣ ਦਾ ਦੋਸ਼ ਲਾਉਂਦਿਆਂ ਸੌਂਧ ਨੇ ਕਿਹਾ ਕਿ ਵਿਜੀਲੈਂਸ ਇਸਦੀ ਜਾਂਚ ਜਲਦੀ ਸ਼ੁਰੂ ਕਰਨ ਜਾ ਰਹੀ ਹੈ। ਰਿਕਾਰਡ ਲਗਭਗ ਇਕੱਠਾ ਕਰ ਲਿਆ ਗਿਆ ਹੈ। ਕੁਝ ਦਸਤਾਵੇਜ਼ ਬਚੇ ਹਨ ਜੋ ਵਿਜੀਲੈਂਸ ਨੂੰ ਸੌਂਪ ਦਿੱਤੇ ਜਾਣਗੇ। ਆਪ ਸਰਕਾਰ 'ਚ ਇਸ ਫੈਕਟਰੀ ਦੇ ਅਸਲ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਇਸਦੇ ਨਾਲ ਹੀ ਕਾਂਗਰਸ ਸਰਕਾਰ ਵੇਲੇ ਖੰਨਾ ਨਗਰ ਕੌਂਸਲ ਵਿੱਚ ਅਮਰੂਤ ਸਕੀਮ ਤਹਿਤ 100 ਕਰੋੜ ਰੁਪਏ ਤੋਂ ਵੱਧ ਦੇ ਸੀਵਰੇਜ ਪ੍ਰਾਜੈਕਟ ਨੂੰ ਲੈ ਕੇ ਵੀ ਦੋਸ਼ ਲਾਏ ਗਏ। ਵਿਧਾਇਕ ਸੌਂਧ ਨੇ ਕਿਹਾ ਕਿ ਸੀਵਰੇਜ ਪ੍ਰਾਜੈਕਟ ਵਿੱਚ ਕਾਂਗਰਸੀਆਂ ਵੱਲੋਂ ਕੀਤੀ ਗਈ ਧਾਂਦਲੀ ਅਤੇ ਸਰਕਾਰੀ ਪੈਸੇ ਦੇ ਗਬਨ ਦੀ ਵੀ ਜਾਂਚ ਕਰਵਾਈ ਜਾਵੇਗੀ। ਇਕ-ਇਕ ਪੈਸਾ ਵਸੂਲਿਆ ਜਾਵੇਗਾ।
ਫਰਜ਼ੀ ਰਜਿਸਟਰੀਆਂ 'ਤੇ ਕਿਹਾ-48 ਘੰਟਿਆਂ 'ਚ FIR ਦਰਜ:ਖੰਨਾ 'ਚ ਫਰਜ਼ੀ ਰਜਿਸਟਰੀਆਂ ਦੇ ਮਾਮਲੇ 'ਚ ਮੌਜੂਦਾ ਸਰਕਾਰ 'ਤੇ ਚੁੱਕੇ ਗਏ ਸਵਾਲਾਂ ਤੋਂ ਬਾਅਦ ਵਿਧਾਇਕ ਸੌਂਧ ਨੇ ਜਵਾਬ ਦਿੱਤਾ। ਵਿਧਾਇਕ ਨੇ ਕਿਹਾ ਕਿ ਜਦੋਂ ਫਰਜ਼ੀ ਰਜਿਸਟਰੀਆਂ ਦਾ ਮਾਮਲਾ ਸਾਹਮਣੇ ਆਇਆ ਤਾਂ 48 ਘੰਟਿਆਂ ਦੇ ਅੰਦਰ ਐਫ.ਆਈ.ਆਰ. ਦਰਜ ਕੀਤੀ ਗਈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਗਿਆ। ਹਾਲਾਂਕਿ ਇੱਕ ਮਾਮਲੇ ਵਿੱਚ ਦੋਵੇਂ ਧਿਰਾਂ ਨੇ ਰਾਜੀਨਾਮਾ ਕਰ ਲਿਆ ਸੀ। ਪਰ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਇੱਕ ਵੀ ਕਲੋਨੀ ਗੈਰ-ਕਾਨੂੰਨੀ ਢੰਗ ਨਾਲ ਨਹੀਂ ਕੱਟੀ ਗਈ:ਵਿਧਾਇਕ ਸੌਂਧ ਨੇ ਕਿਹਾ ਕਿ ਹਾਲ ਹੀ ਵਿੱਚ ਖੰਨਾ ਦੇ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਚਰਚਾ ਚੱਲ ਰਹੀ ਸੀ ਕਿ ਖੰਨਾ ਵਿੱਚ ਦੋ ਨਾਜਾਇਜ਼ ਕਲੋਨੀਆਂ ਦੇ ਪਲਾਟ ਕੱਟੇ ਜਾ ਰਹੇ ਹਨ। ਜਿਸਨੂੰ ਲੈ ਕੇ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਚਰਚਾ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਦੋਵਾਂ ਕਾਲੋਨੀਆਂ ਦੇ ਕਾਗਜ਼ਾਤ ਦੇਖੇ ਜਿਸ ਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਕਲੋਨਾਈਜ਼ਰਾਂ ਨੇ ਸਰਕਾਰ ਨੂੰ ਲੱਖਾਂ ਰੁਪਏ ਦੇ ਕੇ ਆਪਣੀਆਂ ਕਲੋਨੀਆਂ ਮਨਜ਼ੂਰ ਕਰਵਾ ਲਈਆਂ ਸਨ ਅਤੇ ਉਸਤੋਂ ਬਾਅਦ ਪਲਾਟ ਕੱਟੇ ਜਾ ਰਹੇ ਸਨ।