ਵਿਧਾਇਕਾ ਸਰਵਜੀਤ ਕੌਰ ਮਾਣੂਕੇ ਦਾ ਬਿਆਨ ਲੁਧਿਆਣਾ: ਲੁਧਿਆਣਾ ਦੇ ਵਿਧਾਨ ਸਭਾ ਹਲਕਾ ਜਗਰਾਓ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਤੇ ਇਕ ਐੱਨ ਆਰ ਆਈ ਮਹਿਲਾ ਵੱਲੋਂ ਉਸ ਦੀ ਕੋਠੀ ਦੱਬਣ ਦੇ ਇਲਜ਼ਾਮ ਲਗਾਏ ਗਏ ਹਨ। ਇਸ ਸਬੰਧੀ ਬਕਾਇਦਾ ਉਸ ਵੱਲੋਂ ਇੱਕ ਪੱਤਰ ਲਿਖ ਕੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਜਗਰਾਉਂ ਦੇ ਐਸਐਸਪੀ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ। ਉੱਥੇ ਹੀ ਦੂਜੇ ਪਾਸੇ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਇਸ ਇਲਜ਼ਾਮਾਂ ਉੱਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਮਹਿਲਾ ਨੇ MLA 'ਤੇ ਇਲਜ਼ਾਮ ਲਗਾਏ:-ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪੀੜਤ ਮਹਿਲਾ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਜਗਰਾਉਂ ਦੇ ਵਿਚ ਸਥਿਤ ਹੀਰਾ ਬਾਗ ਗਲੀ ਨੰਬਰ 7 ਦੇ ਵਿੱਚ ਸਥਿਤ ਉਸ ਦੀ ਰਿਹਾਇਸ਼ ਉੱਤੇ ਐਮ.ਐਲ.ਏ ਮਾਣੂਕੇ ਵੱਲੋਂ ਨਜਾਇਜ਼ ਕਬਜ਼ਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਸ ਦੇ ਘਰ ਦੇ ਵਿੱਚ ਪਿਆ ਸਮਾਨ ਵੀ ਖੁਰਦ-ਬੁਰਦ ਕੀਤਾ ਗਿਆ ਹੈ। ਮਹਿਲਾ ਨੇ ਵੀ ਇਲਜ਼ਾਮ ਲਗਾਏ ਹਨ ਕਿ ਐਮ.ਐਲ.ਏ ਵੱਲੋਂ ਉਸ ਨੂੰ ਫਸਾਉਣ ਦੀ ਵੀ ਧਮਕੀ ਦਿੱਤੀ ਹੈ।
ਮੰਤਰੀ ਕੁਲਦੀਪ ਧਾਲੀਵਾਲ ਨੂੰ ਸ਼ਿਕਾਇਤ ਪੀੜਤ ਮਹਿਲਾ ਵੱਲੋਂ ਇਲਸਾਫ਼ ਦੀ ਮੰਗ:-ਦੱਸ ਦਈਏ ਕਿ ਪੱਤਰ ਲਿਖਣ ਵਾਲੀ ਮਹਿਲਾ ਨੇ ਆਪਣਾ ਨਾਂ ਅਮਰਜੀਤ ਦੱਸਿਆ ਹੈ ਅਤੇ ਕਿਹਾ ਹੈ ਕਿ ਉਸ ਕੋਠੀ ਦੇ ਵਿੱਚ ਰਹਿ ਰਹੇ ਬਜ਼ੁਰਗ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਅਤੇ ਕਿਹਾ ਜਾ ਰਿਹਾ ਹੈ ਕਿ 'ਸਰਕਾਰ ਵੀ ਸਾਡੀ ਹੈ ਅਤੇ ਪੁਲਿਸ ਵੀ ਸਾਡੀ ਹੈ', 'ਤੁਸੀਂ ਸਾਡਾ ਕੁਝ ਵੀ ਨਹੀਂ ਵਿਗਾੜ ਸਕਦੇ'। ਅਮਰਜੀਤ ਨੇ ਇਲਜ਼ਾਮ ਲਗਾਏ ਹਨ ਕਿ ਮਾਲ ਵਿਭਾਗ ਦੇ ਨਾਲ ਸਹਿਮਤੀ ਜਤਾ ਕੇ ਉਹਨਾਂ ਦੀ ਕੋਠੀ 'ਤੇ ਨਜ਼ਾਇਜ਼ ਤੌਰ ਉੱਤੇ ਇਹ ਕਬਜ਼ਾ ਕੀਤਾ ਗਿਆ ਹੈ, ਜਿਸ ਨੂੰ ਪੰਜਾਬ ਸਰਕਾਰ ਦਖ਼ਲ ਦੇਵੇ ਅਤੇ ਪੁਲਿਸ ਛੁਡਵਾਏ।
ਵਿਧਾਇਕਾ ਨੇ ਕਿਹਾ ਅਕਸ ਖ਼ਰਾਬ ਕਰਨ ਦੀ ਸਾਜ਼ਿਸ:-ਉਧਰ ਦੂਜੇ ਪਾਸੇ ਜਗਰਾਉ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਵੱਲੋਂ ਮੀਡੀਆ ਦੇ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਪਰ ਬਾਅਦ ਵਿੱਚ ਵਿਧਾਇਕਾਂ ਸਰਵਜੀਤ ਕੌਰ ਮਾਣੂਕੇ ਨੇ ਸ਼ੋਸ਼ਲ ਮੀਡੀਆ ਉੱਤੇ ਲਾਈਵ ਹੋਕੇ ਕਿਹਾ ਕਿ "ਗੰਦੀ ਰਾਜਨੀਤੀ ਦੇ ਚੱਲਦਿਆਂ ਕੁੱਝ ਕੁ ਸ਼ਰਾਰਤੀ ਅਨਸਰਾਂ ਵੱਲੋਂ ਮੇਰੇ ਅਕਸ ਨੂੰ ਖ਼ਰਾਬ ਕਰਨ ਲਈ ਘਟੀਆ ਰਾਜਨੀਤੀ ਕੀਤੀ ਜਾ ਰਹੀ।"
ਵਿਧਾਇਕਾ ਨੇ ਕੋਠੀ ਕਿਰਾਏ 'ਤੇ ਲਈ:-ਇਸ ਤੋਂ ਇਲਾਵਾ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਫੋਨ ਉੱਤੇ ਆਪਣੀ ਸਫ਼ਾਈ ਵਿੱਚ ਇਹ ਕਿਹਾ ਕਿ ਕੋਠੀ ਉੱਤੇ ਹੱਕ ਨੂੰ ਲੈ ਕੇ 2 ਧਿਰਾਂ ਵਿਚਕਾਰ ਝਗੜਾ ਚੱਲ ਰਿਹਾ ਹੈ, ਉਨ੍ਹਾਂ ਵੱਲੋਂ ਇਹ ਕੋਠੀ ਕਿਰਾਏ ਉੱਤੇ ਲਈ ਗਈ ਹੈ, ਕਿਉਂਕਿ ਸਾਲ 2016 ਤੋਂ ਜਿਸ ਕਿਰਾਏ ਦੀ ਕੋਠੀ ਦੇ ਵਿੱਚ ਉਹ ਰਹੇ ਸਨ। ਉਹ ਸ਼ਹਿਰ ਤੋਂ ਦੂਰ ਪੈਂਦੀ ਸੀ ਇਸ ਕਰਕੇ ਉਨ੍ਹਾਂ ਨੇ ਲੋਕਾਂ ਦੀ ਸੁਵਿਧਾ ਲਈ ਸ਼ਹਿਰ ਦੇ ਵਿੱਚ ਇਹ ਕੋਠੀ ਕਿਰਾਏ ਤੇ ਲਈ ਅਤੇ ਹੁਣ ਕੋਠੀ ਤੇ ਹੱਕ ਜਤਾਉਣ ਵਾਲੇ ਦੋਵੇਂ ਹੀ ਆਹਮੋ ਸਾਹਮਣੇ ਹਨ ਅਤੇ ਉਹਨਾ ਦੀ ਆਪਸ ਦੇ ਵਿੱਚ ਚਲ ਰਹੀ ਲੜਾਈ ਲਈ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨੇ ਚੁੱਕੇ ਸਵਾਲ:-ਉਧਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਵੀ ਗਰਮਾਉਂਦੀ ਨਜ਼ਰ ਆ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਵਿਧਾਇਕ ਦੀ ਮਨਸ਼ਾ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਖੁਦ ਇਸ ਸਬੰਧੀ ਬਕਾਇਦਾ ਟਵੀਟ ਕਰਕੇ ਪੁਲਿਸ ਨੂੰ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਇਹ ਸਾਡੇ ਐਨ.ਆਰ.ਆਈ ਭਾਈਚਾਰੇ ਦੇ ਲਈ ਬਹੁਤ ਦੁੱਖਾਂ ਵਾਲੀ ਖ਼ਤਰਨਾਕ ਗੱਲ ਹੈ।