ਲੁਧਿਆਣਾ:ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਧਿਆਨ 'ਚ ਰੱਖਦਿਆਂ ਅੱਜ ਲੋੜ ਹੈ ਕਿ ਧਰਤੀ ਨੂੰ ਇਨਸਾਨਾਂ ਦੇ ਰਹਿਣ ਲਾਇਕ ਬਣਾਓਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਪਰ ਇਸ ਦੇ ਉਲਟ ਇਨਸਾਨ ਆਪਣੇ ਸਵਾਰਥ ਲਈ ਜੰਗਲਾਂ ਦੇ ਜੰਗਲ ਕੱਟ ਰਿਹਾ ਹੈ। ਇਸ ਸਥਿਤੀ 'ਚ ਕਈ ਲੋਕ ਅਜਿਹੇ ਵੀ ਹਨ ਜੋ ਆਪਣੀ ਜ਼ਿੰਮੇਵਾਰੀ ਸਮਝਦਿਆਂ ਵੱਧ ਤੋਂ ਵੱਧ ਬੂਟੇ ਲਗਾ ਰਹੇ ਹਨ।
ਕੰਪਿਊਟਰ ਪ੍ਰੋਫ਼ੈਸਰ ਨੇ ਬੋਨਸਾਈ ਤਕਨੀਕ ਨਾਲ ਘਰ 'ਚ ਲਾਏ 1500 ਤੋਂ ਵੱਧ ਬੂਟੇ ਇੰਜਨੀਅਰਿੰਗ ਕਾਲਜ ਵਿੱਚ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਗੁਰਮੁੱਖ ਸਿੰਘ ਦਾ ਵੀ ਵਾਤਾਵਰਨ ਹਰਿਆਲੀ ਬਾਗਬਾਨੀ ਨਾਲ ਵਿਸ਼ੇਸ਼ ਪਿਆਰ ਹੈ। ਪ੍ਰੋਫੈਸਰ ਗੁਰਮੁੱਖ ਬੀਤੇ 35 ਸਾਲ ਤੋਂ ਬੋਨਸਾਈ ਤਕਨੀਕ ਨਾਲ ਬਾਗਬਾਨੀ ਕਰ ਰਹੇ ਹਨ ਜਿਸ ਨੂੰ ਜਪਾਨੀ ਤਕਨੀਕ ਵੀ ਕਿਹਾ ਜਾਂਦਾ ਹੈ ਜਿਸ 'ਚ ਵੱਡੇ-ਵੱਡੇ ਦਰੱਖਤਾਂ ਨੂੰ ਛੋਟੇ-ਛੋਟੇ ਗਮਲਿਆਂ ਵਿੱਚ ਸਮੋਇਆ ਜਾਂਦਾ ਹੈ।
ਇਨ੍ਹਾਂ ਬੂਟਿਆਂ ਨੂੰ ਵਿਸ਼ੇਸ਼ ਨਿਊਟਰੀਸ਼ਨ ਦਿੱਤਾ ਜਾਂਦਾ ਹੈ, ਤਾਂ ਜੋ ਇਹ ਥੋੜ੍ਹੀ ਨਹੀਂ ਜਗ੍ਹਾ 'ਚ ਹੀ ਵੱਧ ਫੁੱਲ ਸਕਣ। 130 ਗਜ ਘਰ ਦੀ ਛੱਤ ਤੇ ਹੀ ਉਨ੍ਹਾਂ ਨੇ ਇਸ ਤਕਨੀਕ ਨਾਲ 1500 ਬੂਟੇ ਤੇ ਦਰਖ਼ਤ ਲਗਾਏ ਹਨ ਅਤੇ ਉਨ੍ਹਾਂ ਕੋਲ ਕਈ ਅਜਿਹੀਆਂ ਪ੍ਰਜਾਤੀਆਂ ਵੀ ਨੇ ਜੋ ਜਾਂ ਤਾਂ ਅਲੋਪ ਹੋ ਚੁੱਕੀਆਂ ਹਨ ਜਾਂ ਫਿਰ ਅਲੋਪ ਹੋਣ ਦੇ ਕੰਢੇ ਹਨ।
ਉਨ੍ਹਾਂ ਮੁਤਾਬਕ ਬੂਟੇ ਸਾਨੂੰ ਆਕਸੀਜਨ ਦੇਣ ਦੇ ਨਾਲ-ਨਾਲ ਤਣਾਅ ਮੁਕਤ ਵੀ ਕਰਦੇ ਹਨ ਅਤੇ ਬਿਮਾਰੀਆਂ ਤੋਂ ਦੂਰ ਰੱਖਦੇ ਹਨ ਅਤੇ ਸਾਡੇ ਸਭ ਤੋਂ ਚੰਗੇ ਮਿੱਤਰ ਹੁੰਦੇ ਹਨ। ਇਹ ਸ਼ੌਕ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲਿਆ ਹੈ, ਅਤੇ ਹੁਣ ਉਹ ਆਪਣੀ ਬੇਟੇ ਨੂੰ ਇਹ ਵਿਰਾਸਤ ਵਿੱਚ ਦੇ ਰਹੇ ਹਨ। ਗੁਰਮੁੱਖ ਸਿੰਘ ਦੇ ਪੁੱਤਰ ਦਾ ਵੀ ਦਰਖਤਾ ਬੂਟਿਆਂ ਦੇ ਨਾਲ ਵਿਸ਼ੇਸ਼ ਪ੍ਰੇਮ ਹੈ। ਜਦ ਕੋਰੋਨਾ ਮਹਾਂਮਾਰੀ ਕਰਕੇ ਕਰਫਿਊ ਲੱਗਾ ਸੀ ਤਾਂ ਇਹ ਬਗੀਚਾ ਉਨ੍ਹਾਂ ਨੂੰ ਵਕਤ ਲੰਘਾਓਣ ਲਈ ਵੀ ਕਾਫੀ ਲਾਹੇਵੰਦ ਸਾਬਿਚ ਹੋਇਆ ਸੀ।
ਗੁਰਮੁੱਖ ਸਿੰਘ ਨੂੰ ਬਾਗਬਾਨੀ ਆਪਣੀ ਮਾਤਾ ਤੋਂ ਵਿਰਾਸਤ ਵਿਚ ਮਿਲੀ ਸੀ ਅਤੇ ਹੁਣ ਉਹ ਲੋਕਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਆਪਣੇ ਵਾਤਾਵਰਣ ਨੂੰ ਸਾਫ਼-ਸੁਥਰਾ ਹਰਿਆ-ਭਰਿਆ ਬਣਾਉਣ ਲਈ ਘੱਟੋ-ਘੱਟ ਇੱਕ ਬੂਟਾ ਜਾਂ ਦਰੱਖਤ ਜ਼ਰੂਰ ਲਗਾਉਣ।