ਲੁਧਿਆਣਾ: ਪੰਜਾਬ ਦਾ ਇੰਡਸਟਰੀ ਹੱਬ ਹੋਣ ਕਰਕੇ ਲੁਧਿਆਣਾ 'ਚ ਵੱਡੀ ਤਾਦਾਦ 'ਚ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ ਅਤੇ ਹੁਣ ਉਹ ਆਪੋ-ਆਪਣੇ ਸੂਬਿਆਂ ਵੱਲ ਪਲਾਇਨ ਕਰ ਰਹੇ ਹਨ। ਇਸੇ ਤਹਿਤ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਪ੍ਰਵਾਸੀ ਲੋਕਾਂ ਨੂੰ ਭੇਜਣ ਲਈ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ ਅਤੇ ਰੇਲਵੇ ਵਿਭਾਗ ਨਾਲ ਸੰਪਰਕ ਕਰਕੇ ਵਿਸ਼ੇਸ਼ ਤੌਰ 'ਤੇ ਟ੍ਰੇਨਾਂ ਮੰਗਵਾਈਆਂ ਗਈਆਂ ਹਨ।
ਇਸੇ ਮੁਹਿਮ ਤਹਿਤ ਲੁਧਿਆਣਾ ਤੋਂ 100ਵੀਂ ਟ੍ਰੇਨ ਰਵਾਨਾ ਕੀਤੀ ਗਈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਡੇਢ ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਹੁਣ ਤੱਕ ਲੁਧਿਆਣਾ ਤੋਂ ਰਵਾਨਾ ਕੀਤਾ ਜਾ ਚੁੱਕਾ ਹੈ। 100ਵੀਂ ਟ੍ਰੇਨ ਨੂੰ ਰਵਾਨਾ ਕਰਨ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਹੋਰ ਵੀ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
ਇਹ ਵੀ ਪੜ੍ਹੋ: ਕੋਵਿਡ-19: ਭਾਰਤ 'ਚ 1 ਲੱਖ 12 ਹਜ਼ਾਰ ਤੱਕ ਪਹੁੰਚਿਆ ਕੋਰੋਨਾ ਮਰੀਜ਼ਾਂ ਦਾ ਅੰਕੜਾ, 3434 ਮੌਤਾਂ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਪ੍ਰਵਾਸੀ ਮਜ਼ਦੂਰਾਂ ਨਾਲ ਸਬੰਧਿਤ ਲੁਧਿਆਣਾ ਤੋਂ 100ਵੀਂ ਟ੍ਰੇਨ ਰਵਾਨਾ ਕੀਤੀ ਗਈ ਹੈ ਅਤੇ ਹੁਣ ਲੁਧਿਆਣਾ ਵਿੱਚ ਵੀ ਫੈਕਟਰੀਆਂ ਖੁੱਲ੍ਹ ਗਈਆਂ ਹਨ ਅਤੇ ਹੁਣ ਪ੍ਰਵਾਸੀ ਮਜ਼ਦੂਰ ਆਪਣੇ ਘਰ ਪਰਤਣ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਵਿਖਾ ਰਹੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਜ਼ਦੂਰਾਂ ਨੂੰ ਹਜ਼ਾਰਾਂ ਕਾਲਾਂ ਕਰਨ ਤੋਂ ਬਾਅਦ ਇਹ ਟ੍ਰੇਨ ਰਵਾਨਾ ਕੀਤੀ ਗਈ ਹੈ ਕਿਉਂਕਿ ਹੁਣ ਪ੍ਰਵਾਸੀ ਵੀ ਜਾਣਾ ਨਹੀਂ ਚਾਹੁੰਦੇ। ਉਧਰ ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਲਗਾਤਾਰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾ ਸਦਕਾ ਹੀ ਇਹ 100ਵੀਂ ਟ੍ਰੇਨ ਅਸੀਂ ਰਵਾਨਾ ਕਰਨ 'ਚ ਕਾਮਯਾਬ ਹੋ ਸਕੇ ਹਾਂ।