ਕਪੂਰਥਲਾ:ਦਰਿਆ ਬਿਆਸ ਦਾ ਕਹਿਰ ਆਪਣੇ ਪੂਰੇ ਜ਼ੋਰਾਂ ਉੱਤੇ ਦਿਖਾਈ ਦੇ ਰਿਹਾ ਹੈ । ਜਿਸ ਕਾਰਨ ਲੋਕਾਂ ਨੇ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਇਲਾਕੇ ਵਿੱਚ ਬਿਆਸ ਦਰਿਆ ਦਾ ਕਹਿਰ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਕਿਸਾਨਾਂ ਦੇ ਲਗਾਏ ਆਰਜੀ ਬੰਨ ਹੁਣ ਹਰ ਜਗ੍ਹਾ ਤੋਂ ਟੁੱਟਣੇ ਸ਼ੁਰੂ ਹੋ ਚੁੱਕੇ ਹਨ ਅਤੇ ਨਾਲ ਹੀ ਸਰਕਾਰੀ ਨੋਜਾ ਨੂੰ ਵੀ ਢਾਹ ਲੱਗਣੀ ਸ਼ੁਰੂ ਹੋ ਚੁੱਕੀ ਹੈ। ਜਿਸ ਕਾਰਨ ਨਾਲ ਲੱਗਦੇ ਘਰਾਂ ਵਿੱਚ ਪਾਣੀ ਜਾਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਘਰਾਂ ਦੀਆਂ ਨੀਹਾਂ ਬੈਠਣੀਆਂ ਸ਼ੁਰੂ ਹੋ ਚੁੱਕੀਆਂ ਹਨ। ਕੰਧਾਂ ਅਤੇ ਜ਼ਮੀਨ ਉੱਤੇ ਵੱਡੀਆਂ-ਵੱਡੀਆਂ ਦਰਾਰਾਂ ਪੈਣੀਆਂ ਹੋ ਸ਼ੁਰੂ ਹੋ ਚੁੱਕੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਭਰ ਚੁੱਕਿਆ ਹੈ ਅਤੇ ਉਹ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਉੱਤੇ ਜਾਣਾ ਸ਼ੁਰੂ ਕਰ ਚੁੱਕੇ ਹਨ।
ਦਰਿਆ ਬਿਆਸ ਦਾ ਕਹਿਰ ਜਾਰੀ, ਘਰਾਂ ਨੂੰ ਛੱਡ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਨੇ ਲੋਕ
ਮਾਝੇ ਅਤੇ ਦੁਆਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਆਸ ਦਰਿਆ ਦਾ ਕਹਿਰ ਲਗਾਤਾਰ ਜਾਰੀ ਹੈ। ਬਿਆਸ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਕਾਰਣ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਭਰਨ ਭਰ ਗਿਆ। ਪਾਣੀ ਭਰਨ ਕਾਰਣ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਉੱਤੇ ਜਾਣ ਲਈ ਮਜਬੂਰ ਹਨ।
ਲੋਕਾਂ ਦੇ ਘਰਾਂ ਵਿੱਚ ਪਾਣੀ:ਇਸ ਦੌਰਾਨ ਈਟੀਵੀ ਭਾਰਤ ਦੀ ਟੀਮ ਵੱਲੋਂ ਕੁਝ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਉਹ ਨਾ ਚਾਹੁੰਦੇ ਹੋਏ ਵੀ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਉੱਤੇ ਜਾਣ ਲਈ ਮਜ਼ਬੂਰ ਹੋ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਉਹਨਾਂ ਨੂੰ ਡਰ ਹੈ ਕਿ ਉਹਨਾਂ ਦੇ ਘਰਾਂ ਵਿੱਚ ਕਿਸੇ ਵੇਲੇ ਵੀ ਪਾਣੀ ਦਸਤਕ ਦੇ ਸਕਦਾ ਹੈ ਅਤੇ ਉਨ੍ਹਾਂ ਦੇ ਮਕਾਨ ਢਹਿ-ਢੇਰੀ ਹੋ ਸਕਦੇ ਹਨ। ਜਿਸ ਕਾਰਨ ਉਹ ਆਪਣੀ ਜਾਨ ਨੂੰ ਮੁੱਖ ਰੱਖਦੇ ਹੋਏ ਘਰਾਂ ਨੂੰ ਛੱਡ ਰਹੇ ਹਨ। ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਇਸ ਮੁਸ਼ਕਿਲ ਸਮੇਂ ਵਿੱਚ ਮਦਦ ਦੀ ਗੁਹਾਰ ਲਗਾਈ ਹੈ।
ਘਰਾਂ ਨੂੰ ਡੁੱਬਦਾ ਵੇਖਣ ਲਈ ਲੋਕ ਮਜਬੂਰ:ਦੱਸ ਦਈਏ ਮਾਝੇ ਵਿੱਚ ਪਾਣੀ ਦਾ ਕਹਿਰ ਜਾਰੀ ਹੈ ਅਤੇ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਝਾਮਕਾ ਕਲਾਂ ਦੇ ਕੋਲੋਂ ਲੰਘਦੇ ਕਸੂਰ ਨਾਲੇ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕਸੂਰ ਨਾਲੇ ਵਿੱਚ ਪਾਣੀ ਪੱਧਰ ਵੱਧਣ ਦੇ ਨਾਲ ਹੀ ਪਿੰਡ ਝਾਮਕਾ ਕਲਾਂ ਦੇ ਕੋਲੋਂ ਨਾਲੇ ਵਿੱਚ ਪਾੜ ਪੈ ਗਿਆ ਅਤੇ ਪਾਣੀ ਪਿੰਡ ਵਿੱਚ ਦਾਖਿਲ ਹੋ ਗਿਆ। ਪਾਣੀ ਕਾਰਣ ਜਿੱਥੇ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਉਸ ਦੇ ਨਾਲ ਹੀ ਪਿੰਡ ਵਿੱਚ ਕਈ ਘਰ ਵੀ ਪਾਣੀ ਵਿਚ ਡੁੱਬ ਗਏ। ਪਿੰਡ ਝਾਮਕਾ ਕਲਾਂ ਦੇ ਵਸਨੀਕਾਂ ਵੱਲੋਂ ਆਪਣੇ ਪੱਧਰ ਉੱਤੇ ਪਾਣੀ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਕਸੂਰ ਨਾਲੇ ਵਿੱਚ ਪਿਆ ਪਾੜ ਜ਼ਿਆਦਾ ਹੋਣ ਕਰਕੇ ਪਿੰਡ ਦੇ ਵਸਨੀਕ ਅਸਮਰੱਥ ਦਿਖਾਈ ਦੇ ਰਹੇ ਸਨ ਅਤੇ ਆਪਣੇ ਘਰਾਂ ਨੂੰ ਡੁੱਬਦਾ ਹੋਇਆ ਵੇਖ ਰਹੇ ਸਨ।