ਕਪੂਰਥਲਾ: ਫਗਵਾੜਾ ਜਲੰਧਰ ਜੀ ਟੀ ਰੋਡ 'ਤੇ ਨਿਜੀ ਹੋਟਲ 'ਚ ਪ੍ਰੈੱਸ ਵਾਰਤਾ ਦੇ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਪੱਤਰਕਾਰਾਂ ਦੇ ਨਾਲ ਰੂਬਰੂ ਹੋਏ। ਜਿਕਰਯੋਗ ਹੈ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੋਰੋਨਾ ਦੀ ਲਾਗ ਤੋਂ ਪ੍ਰਭਾਵਿਤ ਹੋ ਗਏ ਸਨ। ਉਨ੍ਹਾਂ ਦਾ ਇਲਾਜ ਚੰਡੀਗੜ੍ਹ ਦੇ ਨਿੱਜੀ ਹਸਪਤਾਲ 'ਚ ਚੱਲ ਰਿਹਾ ਸੀ।
ਇਸ ਮੌਕੇ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਉਹ ਕੋਰੋਨਾ ਤੋਂ ਪੀੜ੍ਹਤ ਸੀ ਅਤੇ ਠੀਕ ਹੋ ਕੇ ਪਰਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੋਰੋਨਾ ਦੇ ਚੱਲਦਿਆਂ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਇਸ ਮਹਾਂਮਾਰੀ 'ਚ ਤੰਦਰੁਸਤ ਹੋ ਕੇ ਸਾਹਮਣਾ ਕਰ ਸਕਣ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਇਸ ਮਹਾਂਮਾਰੀ 'ਚ ਵੱਧ ਤੋਂ ਵੱਧ ਵੈਕਸੀਨ ਲਗਵਾਉਣ।
ਕੇਂਦਰ ਸਰਕਾਰ ਵਿਕਾਸ ਲਈ ਪੂਰੀ ਤਰ੍ਹਾਂ ਬਚਨਬੱਧ : ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਗਵਾੜਾ ਤੋਂ ਹੁਸ਼ਿਆਰਪੁਰ ਨੂੰ ਜਾਣ ਵਾਲੀ ਰੋਡ ਨੂੰ 47.50 ਕਿਲੋਮੀਟਰ ਫੋਰਲੇਨ ਰੋਡ ਕੁਝ ਹੀ ਸਮੇਂ ਵਿੱਚ ਬਣਾ ਕੇ ਤਿਆਰ ਕਰ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹੀ ਦੱਸਿਆ ਕਿ ਫਗਵਾੜਾ ਵਿਚੋਂ ਲੰਘ ਰਹੀ ਚੰਡੀਗੜ੍ਹ ਰੋਡ ਨੂੰ ਬਾਈਪਾਸ ਬਣਾ ਕੇ ਨੈਸ਼ਨਲ ਹਾਈਵੇਅ ਨੰਬਰ ਇੱਕ ਦਿੱਲੀ ਅੰਮ੍ਰਿਤਸਰ ਰੋਡ ਦੇ ਨਾਲ ਜੋੜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਟੈਂਡਰ ਭਰੇ ਜਾ ਚੁੱਕੇ ਹਨ ਜੋ ਤੀਹ ਜੂਨ ਤੱਕ ਨਿਕਲ ਜਾਣਗੇ। ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਗਵਾੜਾ ਰੇਲਵੇ ਸਟੇਸ਼ਨ ਨੂੰ ਹੁਣ ਹੋਰ ਵੀ ਸੁੰਦਰ ਅਤੇ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦੇ ਤਹਿਤ ਵੱਖੋ-ਵੱਖਰੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ 'ਤੇ ਕਰੀਬ ਸੱਤ ਕਰੋੜ ਦਾ ਖਰਚ ਆਵੇਗਾ।
ਇਸ ਦੇ ਨਾਲ ਹੀ ਕਿਸਾਨ ਅੰਦੋਲਨ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਮਸਲੇ 'ਤੇ ਗੰਭੀਰ ਹੈ ਅਤੇ ਗੱਲਬਾਤ ਰਾਹੀ ਇਸ ਮੁੱਦੇ ਨੂੰ ਸੁਲਝਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਗੱਲਬਾਤ ਲਈ ਹਮੇਸ਼ਾ ਤਿਆਰ ਹੈ ਪਰ ਕਿਸਾਨ ਕੋਈ ਸ਼ਰਤ ਲੈਕੇ ਨਾ ਆਉਣ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਸਲੇ ਨੂੰ ਸਮਝੋਤੇ ਦੇ ਤੌਰ 'ਤੇ ਹੀ ਸੁਲਝਾ ਲਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਕੋਈ ਪਰਕ ਨਹੀਂ ਪੈਂਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਗੱਠਜੋੜ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀ ਮਦਦ ਲਈ ਹਰ ਸਮੇਂ ਤਿਆਰ ਰਹਿੰਦੀ ਹੈ।
ਇਹ ਵੀ ਪੜ੍ਹੋ:22 ਜੂਨ ਨੂੰ ਆਪਣੀ ਰਿਹਾਇਸ਼ ’ਤੇ SIT ਅੱਗੇ ਪੇਸ਼ ਹੋਣਗੇ ਪ੍ਰਕਾਸ਼ ਸਿੰਘ ਬਾਦਲ