ਜਲੰਧਰ:7 ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਪੰਜਾਬ ਪੱਧਰੇ ਸੱਦੇ 'ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਮੰਗ ਪੱਤਰ ਸੌਂਪਿਆ ਗਏ ਸਨ। ਪਰ ਵਿਧਾਇਕ ਆਪਣੇ ਘਰ ਨਾ ਹੋਣ ਕਰਕੇ ਮਜ਼ਦੂਰਾਂ ਨੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਮਜ਼ਦੂਰ ਵਿਧਾਇਕ ਦੀ ਰਿਹਾਇਸ਼ ‘ਤੇ ਪਹੁੰਚੇ ਸਨ। ਜਥੇਬੰਦੀਆਂ ਦੇ ਸੈਂਕੜੇ ਕਾਰਕੁਨ ਪਹਿਲਾਂ ਦਾਣਾ ਮੰਡੀ ਵਿੱਚ ਇਕੱਠੇ ਹੋਏ, ਜਿਸ ਤੋਂ ਬਾਅਦ ਫਿਰ ਉਹ ਮੁਜ਼ਾਹਰਾ ਕਰਕੇ ਵਿਧਾਇਕ ਦੀ ਰਿਹਾਇਸ਼ ‘ਤੇ ਪੁੱਜੇ।
ਮੁਜ਼ਾਹਰਾਕਾਰੀਆਂ ਦੀ ਅਗਵਾਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਮਾਲੜੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਨਿਰਮਲ ਸਿੰਘ ਸਹੋਤਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਹੰਸਰਾਜ ਪੱਬਵਾ ਨੇ ਕੀਤੀ।
ਇਨ੍ਹਾਂ ਮਜ਼ਦੂਰ ਆਗੂਆਂ ਨੇ ਕਿਹਾ, ਕਿ ਪੰਜਾਬ ਸਰਕਾਰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਘੇਸਲ ਮਾਰੀ ਬੈਠੀ ਹੈ । ਆਗੂਆਂ ਨੇ ਦੱਸਿਆ ਕਿ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮਾਅਫ਼ ਕਰਾਉਣ, ਰਿਹਾਇਸ਼ੀ ਲਈ ਪਲਾਟ ਦਿਵਾਉਣ, ਬਿਜਲੀ ਬਿੱਲਾ ਦੇ ਬਕਾਏ ਖ਼ਤਮ ਕਰਾਉਣ ਅਤੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣ ਸਮੇਤ ਹੋਰ ਮੰਗਾਂ ਨੂੰ ਮੰਨਵਾਉਣ ਅਤੇ ਲਾਗੂ ਕਰਵਾਉਣ ਲਈ ਮਜ਼ਦੂਰ ਜਥੇਬੰਦੀਆਂ ਵੱਲੋਂ 9 ਅਗਸਤ ਤੋਂ ਪਟਿਆਲਾ ਵਿਖੇ ਧਰਨਾ ਲਾਇਆ ਜਾ ਰਿਹਾ ਹੈ।