ਜਲੰਧਰ: ਜ਼ਿਲ੍ਹੇ ਵਿੱਚ ਵਿਆਹ ਸ਼ਾਦੀਆਂ ਵਿੱਚ ਵਰਤੇ ਜਾਣ ਵਾਲੀਆਂ ਚੀਜ਼ਾਂ ਦੇ ਦੁਕਾਨਦਾਰਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਹਨ। ਇਸ ਬਾਰੇ ਦੁਕਾਨਦਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਦਿਨਾਂ 'ਚ ਘਰ ਦਾ ਖਰਚਾ ਚਲਾਉਣਾ ਵੀ ਬੇਹੱਦ ਮੁਸ਼ਕਿਲ ਹੋ ਗਿਆ ਹੈ। ਇੱਥੇ ਤੱਕ ਕਿ ਉਹ ਆਪਣੇ ਰਿਸ਼ਤੇਦਾਰਾਂ, ਸਗੇ ਸਬੰਧੀਆਂ ਤੋਂ ਪੈਸੇ ਲੈ ਕੇ ਘਰ ਦਾ ਖਰਚਾ ਚਲਾ ਰਹੇ ਹਨ।
ਦੁਕਾਨਦਾਰ ਅਸ਼ਵਨੀ ਨੇ ਕਿਹਾ ਕਿ ਪਿਛਲੇ ਸਾਲ ਮਾਰਚ ਤੇ ਅਪ੍ਰੈਲ ਦੇ ਮਹੀਨਿਆਂ ਵਿੱਚ ਹੀ ਚੰਗੀ ਕਮਾਈ ਹੋਈ ਸੀ ਜਿਸ ਕਰਕੇ ਉਨ੍ਹਾਂ ਦਾ ਕਾਰੋਬਾਰ ਵੀ ਚੰਗਾ ਚੱਲਦਾ ਸੀ ਪਰ ਕੋਰੋਨਾ ਵਾਇਰਸ ਕਰਕੇ ਲੱਗੇ ਲੌਕਡਾਊਨ ਨੇ ਕੰਮਕਾਜ ਨੂੰ ਕਾਫ਼ੀ ਪ੍ਰਭਾਵਿਤ ਕਰ ਦਿੱਤਾ ਹੈ।
ਉੱਥੇ ਹੀ ਆਰਥਿਕ ਸਥਿਤੀ ਪਹਿਲੇ ਨਾਲੋਂ ਕਾਫ਼ੀ ਵਿਗੜ ਗਈ ਹੈ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨ 'ਤੇ ਬੈਠੇ ਰਹਿੰਦੇ ਹਨ ਪਰ ਕੋਈ ਵੀ ਗਾਹਕ ਦੁਕਾਨ 'ਤੇ ਨਹੀਂ ਬਹੁੜਦਾ ਤੇ ਬਿਜਲੀ ਵੀ ਨਾਜਾਇਜ਼ ਹੀ ਫੂਕੀ ਜਾਂਦੀ ਹੈ।
ਇਸ ਪਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਦੁਕਾਨਦਾਰ ਨੇ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਕਿ ਉਨ੍ਹਾਂ ਨੂੰ ਮਧਮ ਵਰਗ ਦੇ ਲੋਕਾਂ ਬਾਰੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਤੇ ਬਿਜਲੀ ਮਾਫ਼ ਤੇ ਹੋਰ ਸਹੂਲਤਾਂ ਲਈ ਸਬਸਿਡੀ ਦੇਣੀ ਚਾਹੀਦੀ ਹੈ ਤਾਂ ਜੋ ਲੋਕ ਇਸ ਮੁਸ਼ਕਿਲ ਦੀ ਘੜੀ ਵਿੱਚ ਆਪਣੇ ਘਰ ਦਾ ਗੁਜ਼ਾਰਾ ਆਸਾਨੀ ਨਾਲ ਚਲਾ ਸਕਣ।
ਆਰਥਿਕ ਮੰਦੀ ਝੱਲ ਰਹੇ ਇਨ੍ਹਾਂ ਦੁਕਾਨਦਾਰਾਂ ਨੂੰ ਉਮੀਦ ਹੈ ਕਿ ਆਉਣ ਵਾਲਾ ਸਮਾਂ ਚੰਗਾ ਹੋਵੇਗਾ ਅਤੇ ਉਨ੍ਹਾਂ ਦਾ ਰੁਕਿਆ ਕਾਰੋਬਾਰ ਮੁੜ ਤੋਂ ਪਹਿਲਾਂ ਵਾਂਗ ਹੀ ਚੱਲੇਗਾ। ਇੱਥੇ ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਨੇ ਲੌਕਡਾਊਨ ਲਾਇਆ ਹੋਇਆ ਪਰ ਉੱਥੇ ਹੀ ਅਰਥਵਿਵਸਥਾ ਨੂੰ ਧਿਆਨ ਵਿੱਚ ਅਨਲੌਕ ਤਹਿਤ ਕੁਝ ਰਿਆਇਤਾਂ ਵੀ ਦਿੱਤੀਆਂ ਹਨ।
ਇਸ ਤਹਿਤ ਦੁਕਾਨਾਂ ਵੀ ਖੋਲ੍ਹੀਆਂ ਗਈਆਂ ਹਨ। ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੁਕਾਨਾਂ ਤਾਂ ਖੋਲ੍ਹ ਦਿੱਤੀਆਂ ਗਈਆਂ ਪਰ ਗਾਹਕ ਵਾਇਰਸ ਤੋਂ ਡਰਦਿਆਂ ਦੁਕਾਨਾਂ 'ਤੇ ਨਹੀਂ ਜਾ ਰਹੇ ਹਨ। ਉੱਥੇ ਹੀ ਸਰਕਾਰ ਨੇ ਵੀਕਐਂਡ 'ਤੇ ਵੀ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ। ਇਸ ਕਰਕੇ ਦੁਕਾਨਦਾਰਾਂ ਦੀ ਕਮਾਈ ਨਹੀਂ ਹੋ ਰਹੀ ਹੈ ਤੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।