ਜਲੰਧਰ: ਸੂਬੇ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਜਿਸ ਨਾਲ ਆਏ ਦਿਨ ਕੋਈ ਨਾ ਕੋਈ ਸੜਕ ਹਾਦਸਾ ਵਾਪਰਦਾ ਰਹਿੰਦਾ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ 2020 ਦੇ ਪੇਸ਼ ਕੀਤੇ ਬਜਟ 'ਚ ਅਵਾਰਾ ਪਸ਼ੂਆਂ ਲਈ 25 ਕਰੋੜ ਦਿੱਤੇ ਹਨ।
ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਨੇ ਕਿਹਾ ਕਿ ਪੰਜਾਬ ਸੂਬੇ ਵਿੱਚ 1 ਲੱਖ 10 ਹਜ਼ਾਰ ਦੇ ਕਰੀਬ ਅਵਾਰਾ ਗਾਵਾਂ ਹਨ, ਜੋ ਕਿ ਬੇਸਹਾਰਾ ਹੈ। ਇਨ੍ਹਾਂ ਅਵਾਰਾ ਪਸ਼ੂਆਂ ਦੇ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ ਜਿਨ੍ਹਾਂ ਸੜਕ ਹਾਦਸਿਆਂ 'ਚ ਲੋਕਾਂ ਦੀ ਤਾਂ ਮੌਤ ਹੋ ਰਹੀ ਹੈ ਤੇ ਨਾਲ ਹੀ ਪਸ਼ੂ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਕ ਪਹਿਲਕਦਮੀ ਕੀਤੀ ਗਈ ਸੀ। ਉਨ੍ਹਾਂ ਨੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ 25-25 ਏਕੜ ਜ਼ਮੀਨ ਦੇ ਕੇ ਗਊਸ਼ਾਲਾ ਦੀ ਉਸਾਰੀ ਕੀਤੀ ਸੀ। ਇਨ੍ਹਾਂ ਸਾਰੀਆਂ ਗਊਸ਼ਾਲਾ ਦੇ ਨਿਰਮਾਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 40 ਕਰੋੜ ਰੁਪਏ ਜਾਰੀ ਕੀਤੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਗਉ ਸੈੱਸ ਲਗਾਇਆ ਸੀ।