ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਭਲਕੇ ਭਗਵੰਤ ਮਾਨ ਨਵਾਂਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਬਤੌਰ ਮੁੱਖ ਮੰਤਰੀ ਸਹੁੰ ਚੁੱਕਣ ਜਾ ਰਹੇ ਹਨ। ਭਗਵੰਤ ਮਾਨ ਵਲੋਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਲਈ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਪਿੰਡ ਨੂੰ ਚੁਣਿਆ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ ਗਿਆ ਹੈ। ਇਸੇ ਦੇ ਚੱਲਦੇ ਨਵਾਂ ਸ਼ਹਿਰ ਪ੍ਰਸ਼ਾਸਨ ਵੱਲੋਂ ਇਸ ਸਮਾਗਮ ਦੀਆਂ ਤਿਆਰੀਆਂ ਤਕਰੀਬਨ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਹੁਣ ਇੰਤਜ਼ਾਰ ਹੈ ਕੱਲ੍ਹ ਦਾ ਜਦੋਂ ਭਗਵੰਤ ਮਾਨ ਇੱਥੇ ਪਹੁੰਚ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ।
ਇਨ੍ਹਾਂ ਤਿਆਰੀਆਂ ਦੇ ਚੱਲਦੇ ਇੱਥੇ ਖਟਕੜ ਕਲਾਂ ਵਿੱਚ ਇੱਕ ਵਿਸ਼ਾਲ ਪੰਡਾਲ ਬਣਾਇਆ ਗਿਆ ਹੈ। ਉਸ ਦੇ ਨਾਲ ਨਾਲ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੇ ਇੱਥੇ ਪਹੁੰਚਣ ਦੇ ਅੰਦੇਸ਼ੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਇੱਥੇ ਨਾ ਵਾਪਰ ਸਕੇ।
ਓਧਰ ਲੱਖਾਂ ਦੀ ਗਿਣਤੀ ਵਿੱਚ ਪਹੁੰਚਣ ਵਾਲੇ ਲੋਕਾਂ ਦੀਆਂ ਗੱਡੀਆਂ ਲਈ ਬਣਾਈ ਜਾਣ ਵਾਲੀ ਪਾਰਕਿੰਗ ਲਈ ਪ੍ਰਸ਼ਾਸਨ ਵੱਲੋਂ ਚਾਲੀ ਏਕੜ ਖੇਤ ਵਿੱਚ ਲੱਗੀ ਕਣਕ ਨੂੰ ਵਾਹ ਕੇ ਇਸ ਜਗ੍ਹਾ ਨੂੰ ਪਾਰਕਿੰਗ ਲਈ ਤਿਆਰ ਕੀਤਾ ਗਿਆ ਹੈ।