ਜਲੰਧਰ:ਪੰਜਾਬ ਦੇ ਵਿੱਚ 2022 ਦੀਆਂ ਚੋਣਾਂ (2022 elections) ਨੂੰ ਲੈਕੇ ਸਿਆਸੀ ਮਾਹੌਲ ਗਰਮਾ ਚੁੱਕਿਆ ਹੈ। ਜਿੱਥੇ ਪੰਜਾਬ ਕਾਂਗਰਸ (Punjab Congress) ਆਪਣੇ ਕਾਟੋ-ਕਲੇਸ਼ ਦੇ ਵਿੱਚ ਉਲਝੀ ਹੋਈ ਹੈ ਉੱਥੇ ਹੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਚੋਣਾਂ ਨੂੰ ਲੈਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸਦੇ ਚੱਲਦੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਦੋ ਦਿਨ੍ਹਾਂ ਦੌਰੇ ਤੇ ਪਹੁੰਚੇ ਹੋਏ ਹਨ।
ਚੋਣਾਂ ਨੂੰ ਲੈਕੇ ਸਿਆਸਤ ਗਰਮਾਈ
ਓਧਰ ਦੂਜੇ ਪਾਸੇ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਹੈ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈਕੇ ਸਿਆਸੀ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਰਾਜਨੀਤਿਕ ਪਾਰਟੀਆਂ ਸਿਆਸੀ ਪ੍ਰੋਗਰਾਮ ਕਰਨਗੀਆਂ ਤਾਂ ਉਨ੍ਹਾਂ ਖਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨਾਂ ਦੀ ਇਸ ਚਿਤਾਵਨੀ ਦੌਰਾਨ ਸੂਬੇ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਮਾਹੌਲ ਭਖਾ ਦਿੱਤਾ ਗਿਆ ਹੈ।
ਕੇਜਰੀਵਾਲ ਨੇ ਸ੍ਰੀ ਦੇਵੀ ਤਲਾਬ ਮੰਦਰ ‘ਚ ਟੇਕਿਆ ਮੱਥਾ ਇਸਦੇ ਚੱਲਦੇ ਹੀ ਪੰਜਾਬ ਦੌਰੇ ਤੇ ਪਹੁੰਚੇ ਕੇਜਰੀਵਾਲ ਆਪਣੇ ਤੈਅ ਪ੍ਰੋਗਰਾਮਾਂ ਅਨੁਸਾਰ ਸ਼ਾਮ ਨੂੰ ਜਲੰਧਰ ਪਹੁੰਚੇ ਹਨ ਅਤੇ ਇੱਥੇ ਪਹੁੰਚ ਉਨ੍ਹਾਂ ਨੇ ਸ੍ਰੀ ਦੇਵੀ ਤਲਾਬ ਮੰਦਿਰ ਵਿਖੇ ਮੱਥਾ ਟੇਕਿਆ ਹੈ। ਇਸ ਮੌਕੇ ਉਨ੍ਹਾਂ ਨੇ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਹੋ ਰਹੇ ਜਾਗਰਣ ਵਿਚ ਵੀ ਹਿੱਸਾ ਲਿਆ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਮੰਦਿਰ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਰਾਜਨੀਤਿਕ ਪ੍ਰੋਗਰਾਮ ਨਹੀਂ
ਇਸ ਮੌਕੇ ਉਨ੍ਹਾਂ ਮੀਡੀਆ ਨੂੰ ਕਿਹਾ ਕਿ ਉਹ ਇੱਥੇ ਸਿਰਫ ਮਾਤਾ ਦੇ ਦਰਸ਼ਨ ਲਈ ਆਏ ਹਨ ਤੇ ਇਹ ਉਨ੍ਹਾਂ ਦਾ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਮੁਖੀ ਸੁਖਬੀਰ ਸਿੰਘ ਬਾਦਲ ਵੀ ਹਿਮਾਚਲ ਵਿਖੇ ਚਿੰਤਪੁਰਨੀ ਮਾਤਾ ਦੇ ਮੱਥਾ ਟੇਕਣ ਤੋਂ ਬਾਅਦ ਜਲੰਧਰ ਵਿਖੇ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਣ ਆਏ ਸਨ।
ਮੰਦਿਰ 'ਚ ਮੱਥਾ ਟੇਕਣ 'ਤੇ ਲੋਕਾਂ ਦੇ ਸਵਾਲ
ਇੱਕ ਪਾਸੇ ਜਿੱਥੇ ਇਹ ਸਿਆਸੀ ਆਗੂ ਮਹਿਜ਼ ਦਰਸ਼ਨਾਂ ਦੀ ਗੱਲ ਕਹਿ ਕੇ ਮੰਦਿਰਾਂ ਦੇ ਵਿੱਚ ਮੱਥਾ ਟੇਕ ਰਹੇ ਹਨ ਉੱਥੇ ਹੀ ਵਿਰੋਧੀ ਅਤੇ ਆਮ ਲੋਕ ਇਸ ਨੂੰ ਰਾਜਨੀਤੀ ਨਾਲ ਵੀ ਜੋੜ ਰਹੇ ਹਨ। ਇਸ ਸਬੰਧੀ ਲੋਕਾਂ ਦਾ ਕਹਿਣੈ ਕਿ ਸਿਆਸੀ ਆਗੂ ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਲਈ ਮੰਦਿਰਾਂ, ਮਸਜਿਦਾਂ ਤੇ ਗੁਰੂਘਰਾਂ ਦੇ ਵਿੱਚ ਨਤਮਸਤਕ ਹੋ ਰਹੇ ਹਨ। ਜਿਕਰਯੋਗ ਹੈ ਕਿ ਸੁਖਬੀਰ ਬਾਦਲ ਵੱਲੋਂ ਨਵਰਾਤਰਿਆਂ ਮੌਕੇ ਮੰਦਿਰ ਵਿੱਚ ਟੇਕੇ ਮੱਥੇ ਨੂੰ ਲੈਕੇ ਫਿਲਹਾਲ ਵਿਵਾਦ ਵੀ ਚੱਲ ਰਿਹਾ ਹੈ। ਕਈ ਸਿੱਖ ਅਤੇ ਆਮ ਲੋਕਾਂ ਉਨ੍ਹਾਂ ਤੇ ਸਵਾਲ ਖੜ੍ਹੇ ਕਰ ਰਹੇ ਹਨ।
ਜਲੰਧਰ ਪਹੁੰਚਣ ਤੋਂ ਪਹਿਲਾਂ ਸੇਖਵਾਂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਜਲੰਧਰ ਪਹੁੰਚਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ (ਮੰਗਲਵਾਰ) ਗੁਰਦਾਸਪੁਰ ਦੇ ਪਿੰਡ ਸੇਖਵਾਂ ਵਿਖੇ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ਦਾ ਦੁੱਖ ਸਾਂਝਾ ਕਰਨ ਲਈ ਸੇਖਵਾਂ ਪਰਿਵਾਰ ਨਾਲ ਮਿਲਣ ਵੀ ਪਹੁੰਚੇ। ਉਹਨਾਂ ਨਾਲ ਆਪ ਆਗੂ ਰਾਘਵ ਚੱਢਾ ,ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਬਲਜਿੰਦਰ ਕੌਰ ਅਤੇ ਹੋਰਨਾਂ ਵਿਧਾਇਕ ਵੀ ਸੇਖਵਾਂ ਪਰਿਵਾਰ ਨੂੰ ਇਸ ਦੁੱਖ ਦੀ ਘੜੀ 'ਚ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਨ।
ਸੇਖਵਾਂ ਦੇ ਦੇਹਾਂਤ ਕਾਰਨ ਆਪ ਨੂੰ ਹੋਇਆ ਵੱਡਾ ਨੁਕਸਾਨ-ਕੇਜਰੀਵਾਲ
ਉਥੇ ਹੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ਨਾਲ ਜਿੱਥੇ ਸੇਖਵਾਂ ਪਰਿਵਾਰ ਨੂੰ ਘਾਟਾ ਹੈ। ਉਥੇ ਹੀ ਪੰਜਾਬ ਅਤੇ ਆਪ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਜਰੀਵਾਲ ਨੇ ਦੱਸਿਆ ਕਿ ਸੇਵਾ ਸਿੰਘ ਸੇਖਵਾਂ (Seva Singh Sekhwan) ਪਿਛਲੇ ਕੁੱਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਉਹਨਾਂ ਦਾ ਇਲਾਜ ਦਿੱਲੀ ਚੱਲ ਰਿਹਾ ਸੀ ਅਤੇ ਜਦਕਿ ਡਾਕਟਰਾਂ ਮੁਤਾਬਿਕ ਉਹ ਰਿਕਾਵਰ ਵੀ ਕਰ ਰਹੇ ਸਨ। ਪਰ ਅਚਾਨਕ ਹਾਲਤ ਵਿਗੜਨ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ।
ਕੇਜਰੀਵਾਲ ਦਾ ਪੰਜਾਬ ਦਾ 5ਵਾਂ ਦੌਰਾ
ਦੱਸ ਦਈਏ ਕਿ ਪਿਛਲੇ ਕਰੀਬ 3 ਮਹੀਨਿਆਂ ਤੋਂ ਕੇਜਰੀਵਾਲ (Arvind Kejriwal) ਦਾ ਇਹ ਪੰਜਾਬ ਦਾ 5ਵਾਂ ਦੌਰਾ ਹੈ। ਅਰਵਿੰਦ ਕੇਜਰੀਵਾਲ ਅਗਲੇ 2 ਦਿਨ ਪੰਜਾਬ ਦੇ ਵਿੱਚ ਰਹਿਣ ਵਾਲੇ ਹਨ। ਅਰਵਿੰਦ ਕੇਜਰੀਵਾਲ ਹਾਲ ਹੀ ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਸੇਵਾ ਸਿੰਘ ਸੇਖਵਾਂ (Seva Singh Sekhwan) ਦੇ ਘਰ ਵੀ ਜਾ ਸਕਦੇ ਹਨ। ਬੀਤੇ 7 ਅਕਤੂਬਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।ਟ
ਕੇਜਰੀਵਾਲ ਦੌਰੇ ਦੌਰਾਨ ਕਰ ਸਕਦੇ ਹਨ ਵੱਡਾ ਐਲਾਨ-ਬਲਜਿੰਦਰ ਕੌਰ
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੋ ਦਿੱਲੀ ਤੋਂ ਪੰਜਾਬ ਆਏ ਹੋਏ ਹਨ ਅਤੇ ਇਨ੍ਹਾਂ ਦੋ ਦਿਨਾਂ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ (Arvind Kejriwal) ਕੋਈ ਵੱਡਾ ਐਲਾਨ ਵੀ ਕਰ ਕਰ ਸਕਦੇ ਹਨ। ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੋ ਸੁਖਬੀਰ ਸਿੰਘ ਬਾਦਲ ਕਹਿ ਰਹੇ ਕਿ ਅਰਵਿੰਦ ਕੇਜਰੀਵਾਲ (Arvind Kejriwal) ਗਾਰੰਟੀ ਦੇ ਨਾਂ 'ਤੇ ਡਰਾਮੇ ਕਰ ਰਿਹਾ ਉਸ 'ਤੇ ਪਲਟਵਾਰ ਕਰਦੇ ਹੋਏ ਪ੍ਰੋ ਬਲਜਿੰਦਰ ਕੌਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ (Arvind Kejriwal) ਦੇ ਦਿੱਲੀ ਵਿੱਚ ਕੀਤੇ ਕੰਮ ਬੋਲਦੇ ਹਨ ਅਤੇ ਹੁਣ ਪੰਜਾਬ ਦੇ ਲੋਕ ਅਕਾਲੀ ਦਲ ਤੇ ਕਾਂਗਰਸ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ।
ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਕੱਲ ਜਲੰਧਰ ਵਿੱਚ ਵੀ ਸਨਅਤਕਾਰਾਂ ਨਾਲ ਆਪਣੀ ਮੀਟਿੰਗ ਕਰਨਗੇ। ਇੱਥੇ ਇੱਕ ਹੋਰ ਗੱਲ ਕਾਫੀ ਮਹੱਤਵਪੂਰਨ ਹੈ ਕਿ ਜੋ ਕਿ ਸਿਆਸੀ ਹਲਕਿਆਂ, ਆਮ ਲੋਕਾਂ ਅਤੇ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੇਜਰੀਵਾਲ ਸੂਬੇ ਚ ਆਪ ਸੀਐੱਮ ਚਿਹਰੇ ਦਾ ਐਲਾਨ ਆਖਿਰ ਕਦੋਂ ਕਰਨਗੇ। ਇਸ ਨੂੰ ਲੈਕੇ ਫਿਲਹਾਲ ਸਸੋਪੰਜ ਬਣੀ ਹੋਈ ਹੈ।
ਇਹ ਵੀ ਪੜ੍ਹੋ: ਲਾਲ ਲਕੀਰ 'ਚ ਆਉਂਦਾ ਮੁੱਖ ਮੰਤਰੀ ਚੰਨੀ ਦਾ ਜੱਦੀ ਘਰ, ਪਿੰਡ ਵਾਸੀਆਂ ਕਿਹਾ...