ਜਲੰਧਰ: ਪੁਲਿਸ ਨੇ ਕਤਲ ਕੇਸ ਸਮੇਤ 7 ਕੇਸਾਂ ਵਿੱਚ ਲੋੜੀਂਦੇ ਇੱਕ ਖ਼ਤਰਨਾਕ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿੱਚੋਂ 7 ਪਿਸਤੌਲਾਂ ਸਮੇਤ 117 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਕਥਿਤ ਦੋਸ਼ੀ ਵਿਰੁੱਧ ਆਰਮਜ਼ ਐਕਟ ਦੀ ਧਾਰਾ 25-54-59 ਤਹਿਤ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਥਿਤ ਦੋਸ਼ੀ ਅਜੈਪਾਲ ਸਿੰਘ ਉਰਫ਼ ਨਿਹੰਗ ਵਾਸੀ ਮਕਾਨ ਨੰ. WT/15 ਉਤਮ ਨਗਰ ਬਸਤੀ ਸ਼ੇਖ ਨੂੰ ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਟੀਮ ਨੇ ਦੁਸਹਿਰਾ ਗਰਾਊਂਡ ਟੀ-ਪੁਆਇੰਟ ਕਾਲਾ ਸੰਘਿਆ ਰੋਡ 'ਤੇ ਗਸ਼ਤ ਦੌਰਾਨ ਕਾਬੂ ਕੀਤਾ ਹੈ, ਜਿਸ ਕੋਲੋਂ ਇੱਕ ਦੇਸੀ ਪਿਸਟਲ 32 ਬੋਰ ਸਮੇਤ 5 ਜ਼ਿੰਦਾ ਕਾਰਤੂਸ 32 ਬਰਾਮਦ ਕੀਤੇ।
ਜਲੰਧਰ: ਕਤਲ ਕੇਸਾਂ ਵਿੱਚ ਲੋੜੀਂਦਾ ਮੁਲਜ਼ਮ 7 ਪਿਸਤੌਲ ਤੇ 117 ਕਾਰਤੂਸਾਂ ਸਮੇਤ ਕਾਬੂ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਨਿਸ਼ਾਨਦੇਹੀ 'ਤੇ ਉਸਦੇ ਘਰੋਂ 4 ਨਾਜਾਇਜ਼ ਪਿਸਤੌਲ 315 ਬੋਰ ਸਮੇਤ 16 ਜ਼ਿੰਦਾ ਕਾਰਤੂਸ, 16 ਜ਼ਿੰਦਾ ਕਾਰਤੂਸ 12 ਬੋਰ ਬਰਾਮਦ ਕੀਤੇ ਗਏ। ਇਸਦੇ ਨਾਲ ਹੀ ਮੁਲਜ਼ਮ ਦੇ ਸਹੁਰੇ ਘਰ ਗ੍ਰੀਨ ਐਵੇਨਿਊ ਜਲੰਧਰ ਵਿਖੇ ਉਸ ਵੱਲੋਂ ਲੁਕੋ ਕੇ ਰੱਖੀ ਇੱਕ ਪਿਸਟਲ 32 ਬੋਰ ਸਮੇਤ 2 ਮੈਗਜ਼ੀਨ ਤੇ 80 ਜ਼ਿੰਦਾ ਕਾਰਤੂਸ 32 ਬੋਰ ਅਤੇ 1 ਪਿਸਤੋਲ 315 ਬੋਰ ਬਰਾਮਦ ਕੀਤੇ ਗਏ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਵੀ ਮੁਲਜ਼ਮ ਖਿਲਾਫ਼ ਕਤਲ ਕੇਸ, ਇਰਾਦਤਨ ਕਤਲ, ਐਨਡੀਪੀਐਸ ਐਕਟ ਸਮੇਤ 7 ਵੱਖ-ਵੱਖ ਕੇਸ ਦਰਜ ਹਨ ਅਤੇ ਇਹ ਇਨ੍ਹਾਂ ਮੁਕੱਦਮਿਆਂ ਵਿੱਚ ਕਪੂਰਥਲਾ ਅਤੇ ਪਟਿਆਲਾ ਜੇਲ ਵਿੱਚ ਬੰਦ ਰਿਹਾ ਹੈ। ਅਜੈਪਾਲ ਨੇ 21-10-2020 ਨੂੰ ਆਪਣੇ ਸਾਥੀਆਂ ਪਵਨ ਉਰਫ ਟਿੱਕਾ ਵਾਸੀ ਜਲੰਧਰ ਹਾਈਟਸ ਅਤੇ ਰੂਪ ਵਾਸੀ ਕੋਟ ਸਦੀਕ ਨਾਲ ਮਿਲ ਕੇ ਰੱਜਤ ਭਾਟੀਆ ਵਾਸੀ ਬਸਤੀ ਸ਼ੇਖ ਜਲੰਧਰ ਨੂੰ ਘੇਰ ਕੇ ਪਿਸਤੌਲ ਦੀ ਨੋਕ 'ਤੇ ਦੋ ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਸੀ, ਜਿਸ ਵਿਰੁੱਧ ਮੁਲਜ਼ਮਾਂ ਵਿਰੁੱਧ ਮਿਤੀ 21-10-2020 ਨੂੰ ਆਈਪੀਸੀ ਦੀ ਧਾਰਾ 323, 385, 347, 506, 34 ਅਧੀਨ ਥਾਣਾ ਡਵੀਜ਼ਨ ਨੰ. 5 ਜਲੰਧਰ ਵਿਖੇ ਮੁਕੱਦਮਾ ਨੰ. 417 ਦਰਜ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਰਿਮਾਂਡ 'ਤੇ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਸਫ਼ਲਤਾ ਲਈ ਥਾਣਾ ਡਵੀਜ਼ਨ ਨੰ. 5 ਦੇ ਐਸਐਚਓ ਅਤੇ ਡੀਐਸਪੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਮੁਲਜ਼ਮ ਨੂੰ ਦਬੋਚਣ ਵਾਲੀ ਟੀਮ ਨੂੰ ਵਾਜ਼ਬ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।