ਜਲੰਧਰ : ਪੰਜਾਬ ਵਿੱਚ ਕੱਲ੍ਹ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿੱਥੇ ਇੱਕ ਪਾਸੇ 17 ਤਰੀਕ ਸ਼ਾਮ ਨੂੰ ਸਾਰੀਆਂ ਪਾਰਟੀਆਂ ਦਾ ਚੋਣ ਪ੍ਰਚਾਰ ਖ਼ਤਮ ਹੋ ਚੁਕਿਆ ਹੈ। ਉੱਧਰ ਦੂਸਰੇ ਪਾਸੇ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਵੱਲੋਂ ਆਪਣਾ ਹੋਮਵਰਕ ਸ਼ੁਰੂ ਹੋ ਗਿਆ ਹੈ।
ਚੋਣ ਅਮਲਾ ਈਵੀਐੱਮ ਮਸ਼ੀਨਾਂ ਲੈ ਕੇ ਜਾਂਦਾ ਹੋਇਆ। ਜਲੰਧਰ ਵਿਖੇ ਅੱਜ ਜਲੰਧਰ ਦੇ ਮੁੱਖ ਚੋਣ ਅਫ਼ਸਰ ਅਤੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਜਲੰਧਰ ਜ਼ਿਲ੍ਹੇ ਦੇ ਪੋਲਿੰਗ ਸਟੇਸ਼ਨਾਂ ਵਿੱਚ ਜਾਣ ਵਾਲੇ ਚੋਣ ਸਟਾਫ਼ ਅਤੇ ਪੋਲਿੰਗ ਮਸ਼ੀਨਾਂ ਦਾ ਜਾਇਜ਼ਾ ਲਿਆ ਅਤੇ ਅੱਜ ਇਨ੍ਹਾਂ ਮਸ਼ੀਨਾਂ ਨੂੰ ਪੂਰੇ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ 'ਤੇ ਰਵਾਨਾ ਕੀਤਾ।
ਜ਼ਿਕਰਯੋਗ ਹੈ ਕਿ ਜਲੰਧਰ ਵਿਖੇ ਇਸ ਚੋਣ ਨੂੰ ਕਰਵਾਉਣ ਲਈ ਕੁੱਲ 1145 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿੱਚ 1863 ਪੋਲਿੰਗ ਬੂਥ ਬਣੇ ਹਨ। ਇਨ੍ਹਾਂ ਚੋਣਾਂ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੁੱਲ 2329 ਪੋਲਿੰਗ ਪਾਰਟੀਆਂ ਜਿਨ੍ਹਾਂ ਵਿੱਚ ਕਰੀਬ 9318 ਪੋਲਿੰਗ ਸਟਾਫ਼ ਮੌਜੂਦ ਹੈ, ਅੱਜ ਆਪਣੇ-ਆਪਣੇ ਪੋਲਿੰਗ ਸਟੇਸ਼ਨ 'ਤੇ ਰਵਾਨਾ ਹੋ ਗਈਆਂ।
ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ਨੂੰ ਕਿਸੇ ਵੀ ਅਣਹੋਣੀ ਘਟਨਾ ਤੋਂ ਦੂਰ ਰੱਖ ਵਧੀਆ ਢੰਗ ਨਾਲ ਪੂਰਾ ਕਰਨ ਲਈ ਜਲੰਧਰ ਜ਼ਿਲ੍ਹੇ ਵਿੱਚ ਕੁੱਲ 10 ਪੈਰਾਮਿਲਟਰੀ ਫੋਰਸ ਦੀਆਂ ਕੰਪਨੀਆਂ ਅਤੇ ਕਰੀਬ 6000 ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਹੈ ਤਾਂ ਕਿ ਕੱਲ੍ਹ ਹਰ ਪੋਲਿੰਗ ਬੂਥ ਉੱਤੇ ਜਿਹੜਾ ਵੀ ਵੋਟਰ ਆਪਣੀ ਵੋਟ ਪਾਉਣ ਜਾਏ ਉਹ ਨੂੰ ਕਿਸੇ ਵੀ ਤਰੀਕੇ ਦੀ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ ।