ਜਲੰਧਰ: ਗੱਲ ਭਾਵੇਂ ਦੇਸ਼ ਦੇ ਆਂਢੀ-ਗੁਆਂਢੀ ਦੇਸ਼ਾਂ ਨਾਲ ਲੜਾਈ ਦੀ ਹੋਵੇ ਜਾਂ ਇਹ ਫਿਰ ਪੁਰਾਣੇ ਸਮੇਂ ਇੰਗਲੈਂਡ ਦੀ ਆਰਮੀ ਵਿੱਚ ਭਾਰਤੀ ਜਵਾਨਾਂ ਦੀ ਹੋਵੇ। ਹਰ ਵਾਰ ਸਿੱਖ ਫ਼ੌਜੀਆਂ ਨੇ ਨਾ ਸਿਰਫ਼ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਸਗੋਂ ਇਨ੍ਹਾਂ ਲੜਾਈਆਂ ਵਿੱਚ ਜਿੱਤ ਹਾਸਿਲ ਕਰਵਾ ਕੇ ਆਪਣੇ ਦੇਸ਼ ਅਤੇ ਪੰਜਾਬ ਦਾ ਮਾਣ ਵੀ ਵਧਾਇਆ ਹੈ। ਅਜਿਹੀ ਹੀ ਇੱਕ ਲੜਾਈ ਸੀ 'ਦੂਜਾ ਵਿਸ਼ਵ ਯੁੱਧ' ਜਿਸ ਵਿੱਚ ਜਰਮਨ ਵਿਰੁੱਧ ਲੜਨ ਵਾਲੀ ਬਰਤਾਨੀਆ ਫ਼ੌਜ ਵਿੱਚ 65 ਫ਼ੀਸਦੀ ਭਾਰਤੀ ਫ਼ੌਜ ਦੇ ਜਵਾਨਾਂ ਨੇ ਹਿੱਸਾ ਲਿਆ ਸੀ।
ਦੂਜੇ ਵਿਸ਼ਵ ਯੂੱਧ ਵਿੱਚ ਲੜਿਆ ਸੀ ਪੰਜਾਬ ਦਾ ਇਹ ਸੁਰਮਾ ਇਸ ਵਿੱਚ ਸਭ ਤੋਂ ਵੱਡੀ ਗਿਣਤੀ 'ਸਿੱਖ ਫ਼ੌਜੀਆਂ' ਦੀ ਸੀ। ਇਸ ਵਿਸ਼ਵ ਯੁੱਧ ਵਿੱਚ ਬਰਤਾਨੀਆ ਨੇ ਜਰਮਨ ਦੀ ਫ਼ੌਜ ਨੂੰ ਹਰਾ ਕੇ ਇਸ ਲੜਾਈ ਵਿੱਚ ਜਿੱਤ ਹਾਸਲ ਕੀਤੀ ਸੀ। 16 ਅਗਸਤ ਨੂੰ ਜਦੋਂ ਇਸ ਲੜਾਈ ਦੀ 75ਵੀਂ ਵਰ੍ਹੇਗੰਢ ਮਨਾਈ ਗਈ ਤਾਂ ਇੰਗਲੈਂਡ ਵਿੱਚ ਉਨ੍ਹਾਂ ਸਿੱਖ ਫ਼ੌਜੀਆਂ ਦੇ ਨਾਂਅ ਵੀ ਲਏ ਗਏ ਜਿਨ੍ਹਾਂ ਨੇ ਇਸ ਲੜਾਈ ਵਿੱਚ ਬਰਤਾਨੀਆ ਫ਼ੌਜ ਦਾ ਸਾਥ ਦਿੰਦੇ ਹੋਏ ਜਰਮਨ ਨੂੰ ਸ਼ਿਕਸਤ ਦਿੱਤੀ ਸੀ। ਇਨ੍ਹਾਂ ਸਿੱਖ ਫੌਜੀਆਂ ਦਾ ਨਾਂਅ ਉਸ ਸਮਾਗਮ ਵਿੱਚ ਲਿਆ ਗਿਆ ਉਨ੍ਹਾਂ ਵਿੱਚੋਂ ਇੱਕ ਸਨ ਸੂਬੇਦਾਰ ਨਾਨਕ ਸਿੰਘ।
1965 ਦੀ ਲੜਾਈ ਵਿੱਚ ਹਿੱਸਾ ਲੈਣ ਵੇਲੇ ਸਿਪਾਹੀ ਦਾ ਰੈਂਕ
ਸੂਬੇਦਾਰ ਨਾਨਕ ਸਿੰਘ ਜਲੰਧਰ ਦੇ ਪਿੰਡ ਪਤਾਰਾ ਦੇ ਰਹਿਣ ਵਾਲੇ ਸੀ। ਉਨ੍ਹਾਂ ਨੇ ਨਾ ਸਿਰਫ਼ ਦੂਜੇ ਵਿਸ਼ਵ ਯੁੱਧ ਵਿੱਚ ਬਰਤਾਨੀਆ ਦੀ ਫ਼ੌਜ ਵਿੱਚ ਰਹਿ ਕੇ ਜਰਮਨੀ ਫ਼ੌਜ ਨੂੰ ਸ਼ਿਕਸਤ ਦਿੱਤੀ ਸੀ ਸਗੋਂ 1965 ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਜਦੋਂ ਨਾਨਕ ਸਿੰਘ ਨੇ ਬਰਤਾਨੀਆ ਫ਼ੌਜ ਨਾਲ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਤਾਂ ਉਦੋਂ ਉਨ੍ਹਾਂ ਦਾ ਰੈਂਕ ਸਿਪਾਹੀ ਦਾ ਸੀ ਪਰ ਜਦੋਂ ਉਹ 1965 ਦੀ ਲੜਾਈ ਲੜੀ ਤਾਂ ਉਸ ਦੌਰਾਨ ਉਹ ਭਾਰਤੀ ਫ਼ੌਜ ਵਿੱਚ ਬਤੌਰ ਸੂਬੇਦਾਰ ਦੇ ਰੈਂਕ ਵਿੱਚ ਸੇਵਾ ਨਿਭਾ ਰਹੇ ਸਨ।
ਨਾਨਕ ਸਿੰਘ ਦਾ ਪੰਜਾਬ 'ਚ ਕਾਫ਼ੀ ਰੁੱਤਬਾ ਸੀ
ਨਾਨਕ ਸਿੰਘ ਦੀਆਂ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਅਤੇ ਹੋਰ ਨੇਤਾਵਾਂ ਨਾਲ ਫੋਟੋਆਂ ਇਸ ਗੱਲ ਦਾ ਸਬੂਤ ਹਨ ਕਿ ਉਨ੍ਹਾਂ ਦਾ ਪੰਜਾਬ ਅਤੇ ਆਪਣੇ ਇਲਾਕੇ ਵਿੱਚ ਕਿੰਨਾ ਰੁਤਬਾ ਸੀ। ਅੱਜ ਨਾਨਕ ਸਿੰਘ ਦੇ ਪਰਿਵਾਰ ਵਿੱਚ ਭਾਵੇਂ ਨਾਨਕ ਸਿੰਘ ਖ਼ੁਦ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੀਆਂ 5 ਧੀਆਂ ਤੇ 3 ਪੁੱਤਰ ਹਨ ਜਿਨ੍ਹਾਂ ਵਿੱਚੋਂ ਇੱਕ ਪੁੱਤਰ ਅਤੇ 2 ਧੀਆਂ ਇੰਗਲੈਂਡ ਵਿੱਚ ਰਹਿੰਦੇ ਹਨ ਜਦਕਿ ਬਾਕੀ ਪਰਿਵਾਰ ਦੇਸ਼ ਵਿੱਚ ਹੀ ਅਲੱਗ ਅਲੱਗ ਥਾਂ 'ਤੇ ਵੱਸਿਆ ਹੋਇਆ ਹੈ।
ਆਪਣੀ ਇਸ ਰਿਪੋਰਟ ਵਿੱਚ ਈਟੀਵੀ ਭਾਰਤ ਦੀ ਟੀਮ ਨੇ ਨਾਨਕ ਸਿੰਘ ਦੀ ਸਭ ਤੋਂ ਵੱਡੀ ਧੀ ਨਿਰਮਲ ਕੌਰ ਨਾਲ ਗੱਲਬਾਤ ਕੀਤੀ। ਦੱਸ ਦਈਏ, ਨਿਰਮਲ ਕੌਰ ਦਾ ਵਿਆਹ ਜਲੰਧਰ ਦੇ ਕਪੂਰਥਲਾ ਇਲਾਕੇ ਵਿੱਚ ਹੋਇਆ ਸੀ ਤੇ ਅੱਜ ਉਨ੍ਹਾਂ ਦੀ ਉਮਰ ਕਰੀਬ 80 ਸਾਲ ਹੈ। ਨਿਰਮਲ ਕੌਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਪਿਤਾ ਜੀ ਨੇ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ, ਉਦੋਂ ਉਨ੍ਹਾਂ ਦੀ ਉਮਰ ਲਗਭਗ 5 ਸਾਲ ਸੀ। ਛੋਟੀ ਉਮਰ ਹੁੰਦਿਆਂ ਹੋਇਆਂ ਵੀ ਉਨ੍ਹਾਂ ਨੂੰ ਉਸ ਵੇਲੇ ਦੀਆਂ ਕੁਝ ਯਾਦਾਂ ਧੁੰਦਲੀਆਂ ਧੁੰਦਲੀਆਂ ਯਾਦ ਹਨ। ਉਨ੍ਹਾਂ ਵਿੱਚ ਯਾਦਾਂ ਸਾਂਝੀਆਂ ਕਰਦੀਆਂ ਨਿਰਮਲ ਕੌਰ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਨੇ ਵਿਸ਼ਵ ਯੁੱਧ ਤੋਂ ਵਾਪਸ ਆ ਕੇ ਲੜਾਈ ਬਾਰੇ ਬਹੁਤ ਸਾਰੀਆਂ ਗੱਲਾਂ ਪਰਿਵਾਰ ਨਾਲ ਸਾਂਝੀਆਂ ਕੀਤੀਆਂ ਸੀ।
ਨਿਰਮਲ ਕੌਰ ਦੇ ਮੁਤਾਬਕ ਜਦੋਂ ਨਾਨਕ ਸਿੰਘ ਵਿਸ਼ਵ ਯੁੱਧ ਦੀ ਲੜਾਈ ਜਿੱਤ ਕੇ ਵਾਪਸ ਪਿੰਡ ਪਰਤੇ ਸੀ ਤਾਂ ਪੂਰੇ ਪਿੰਡ ਨੇ ਹੀ ਨਹੀਂ ਬਲਕਿ ਪੂਰੇ ਇਲਾਕੇ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਸੀ। ਉਨ੍ਹਾਂ ਮੁਤਾਬਕ ਨਾਨਕ ਸਿੰਘ ਭਾਰਤੀ ਫ਼ੌਜ ਦੇ ਸਿਪਾਹੀ ਹੋਣ ਦੇ ਨਾਲ-ਨਾਲ ਪਿੰਡ ਅਤੇ ਇਲਾਕੇ ਦੀਆਂ ਗਤੀਵਿਧੀਆਂ ਵਿੱਚ ਵੀ ਖ਼ੂਬ ਦਿਲਚਸਪੀ ਲੈਂਦੇ ਸਨ। ਉਨ੍ਹਾਂ ਮੁਤਾਬਕ ਅੱਜ ਵੀ ਉਨ੍ਹਾਂ ਦਾ ਪੂਰਾ ਪਰਿਵਾਰ ਆਪਣੇ ਪਿਤਾ ਦੀਆਂ ਇਨ੍ਹਾਂ ਉਪਲੱਬਧੀਆਂ ਅਤੇ ਜਿੱਤਾਂ ਨੂੰ ਯਾਦ ਕਰਦਾ ਹੈ ਤੇ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਇੰਗਲੈਂਡ ਵਿੱਚ ਮਨਾਈ ਗਈ ਦੂਸਰੇ ਵਿਸ਼ਵ ਯੁੱਧ ਦੀ ਵਰ੍ਹੇਗੰਢ ਵਿੱਚ ਉਨ੍ਹਾਂ ਦੇ ਪਿਤਾ ਦਾ ਵੀ ਨਾਂਅ ਲਿਆ ਗਿਆ ਸੀ।
ਇਸ ਦੇ ਨਾਲ ਹੀ ਨਾਨਕ ਸਿੰਘ ਦੇ ਦੋਹਤੇ ਵਿਨੋਦ, ਜੋ ਕਿ ਸਰਕਾਰੀ ਨੌਕਰੀ ਕਰ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਨਾਨਾ ਜੀ ਨੂੰ ਯਾਦ ਕਰਦਿਆਂ ਬੇਹੱਦ ਮਾਣ ਮਹਿਸੂਸ ਕਰਦੇ ਹਨ। ਅੱਜ ਵੀ ਪੂਰਾ ਦੇਸ਼ ਨਾਨਕ ਸਿੰਘ ਵਰਗੇ ਯੋਧਿਆਂ 'ਤੇ ਨਾ ਸਿਰਫ਼ ਮਾਣ ਕਰਦਾ ਹੈ ਸਗੋਂ ਉਨ੍ਹਾਂ ਨੂੰ ਫ਼ਕਰ ਵੀ ਹੈ ਕਿ ਇਨ੍ਹਾਂ ਯੋਧਿਆਂ ਨੇ ਆਪਣੇ ਦੇਸ਼ ਲਈ ਤਾਂ ਦੁਸ਼ਮਣਾਂ ਨਾਲ ਲੜਾਈ ਲੜੀ ਹੈ, ਉੱਥੇ ਹੀ ਦੂਜੇ ਵਿਸ਼ਵ ਯੁੱਧ ਵਿੱਚ ਦੂਜੇ ਦੇਸ਼ਾਂ ਵੱਲੋਂ ਲੜ ਕੇ ਜਿੱਤਾਂ ਵੀ ਹਾਸਲ ਕੀਤੀਆਂ ਹਨ।