ਜਲੰਧਰ: ਕੋਰੋਨਾ ਵਾਇਰਸ ਨੂੰ ਵੇਖਦਿਆਂ ਪੰਜਾਬ ਭਰ ਵਿੱਚ ਲਗਾਤਾਰ ਪਿਛਲੇ 2 ਮਹੀਨੇ ਕਰਫਿਊ ਲੱਗਿਆ ਰਿਹਾ ਜਿਸ ਕਾਰਨ ਲੋਕ ਆਪਣੇ ਘਰਾਂ ਵਿੱਚ ਬੰਦ ਰਹੇ ਅਤੇ ਸਾਰੇ ਕੰਮਕਾਜ ਵੀ ਠੱਪ ਰਹੇ।
ਉਂਝ ਲੋਕ ਸ਼ਾਮ ਨੂੰ ਆਪਣੇ ਪਰਿਵਾਰਾਂ ਸਣੇ ਗੋਲਗੱਪੇ, ਚਾਰਟ, ਟਿੱਕੀਆਂ, ਬਰਗਰ, ਨੂਡਲ ਅਤੇ ਹੋਰ ਚੀਜ਼ਾਂ ਖਾਣ ਜਾਂਦੇ ਸੀ ਪਰ ਕਰਫਿਊ ਕਾਰਨ ਅਜਿਹਾ ਨਹੀਂ ਹੋ ਸਕਿਆ। ਇਸੇ ਕਾਰਨ ਫਾਸਟ ਫੂਡ ਦਾ ਕੰਮ ਵੀ ਠੱਪ ਪਿਆ ਹੈ।
ਹਾਲਾਂਕਿ ਸਰਕਾਰ ਵੱਲੋਂ ਦੁਕਾਨਾਂ ਅਤੇ ਵਪਾਰਕ ਅਦਾਰੇ ਖੋਲ੍ਹਣ ਦੀ ਇਜਾਜ਼ਤ ਤੋਂ ਬਾਅਦ ਫਾਸਟ ਫੂਡ ਵਾਲੇ ਵੀ ਆਪਣੀਆਂ ਦੁਕਾਨਾਂ ਖੋਲ੍ਹ ਰਹੇ ਹਨ ਪਰ ਇਨ੍ਹਾਂ ਦੁਕਾਨਾਂ ਵਿਚ ਕੋਈ ਵਿਰਲਾ ਹੀ ਗਾਹਕ ਆਉਂਦਾ ਹੈ।
ਸਰਕਾਰ ਦੀਆਂ ਹਦਾਇਤਾਂ ਮੁਤਾਬਕ ਦੁਕਾਨਾਂ ਖੋਲ੍ਹਣ ਦਾ ਸਮਾਂ ਛੇ ਤੋਂ ਸੱਤ ਤੱਕ ਹੀ ਨਿਰਧਾਰਿਤ ਕੀਤਾ ਗਿਆ ਹੈ ਜਦ ਕਿ ਇਨ੍ਹਾਂ ਦੁਕਾਨਾਂ ਵਿੱਚ ਗਾਹਕ 7 ਵਜੇ ਤੋਂ ਬਾਅਦ ਹੀ ਆਉਂਦੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕੀ ਉਨ੍ਹਾਂ ਦਾ ਕੰਮ ਕੋਰੋਨਾ ਵਾਇਰਸ ਪਹਿਲਾਂ ਬਹੁਤ ਵਧੀਆ ਚੱਲਦਾ ਸੀ ਪਰ ਹੁਣ ਤਾਂ ਦੁਕਾਨਾਂ ਦੇ ਖਰਚੇ ਤੇ ਕਾਰੀਗਰਾਂ ਨੂੰ ਤਨਖ਼ਾਹ ਦੇਣੀ ਵੀ ਔਖੀ ਹੋਈ ਪਈ ਹੈ।