ਜਲੰਧਰ: ਅਨਲੌਕ 3 ਕਰ ਦਿੱਤੇ ਜਾਣ ਤੋਂ ਬਾਅਦ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ। ਪਰ ਦੁਕਾਨਦਾਰ ਵੱਲੋਂ ਸਾਰਾ ਸਾਰਾ ਦਿਨ ਦੁਕਾਨਾਂ 'ਤੇ ਬੈਠਣ ਦਾ ਕੋਈ ਖਾਸ ਫਾਇਦਾ ਨਹੀਂ ਹੋ ਰਿਹਾ ਕਿਉਂਕਿ ਦੁਕਾਨਾਂ ਵਿੱਚ ਗਾਹਕਾਂ ਦੀ ਗਿਣਤੀ ਨਾਂਹ ਦੇ ਬਰਾਬਰ ਹੈ।
ਜੇ ਗੱਲ ਕਪੜਾ ਵਪਾਰੀਆਂ ਦੀ ਕੀਤੀ ਜਾਵੇ ਤਾਂ ਛੋਟੀਆਂ ਦੁਕਾਨਾਂ ਨੂੰ ਲੈਕੇ ਵੱਡੇ ਵੱਡੇ ਸ਼ੋਅਰੂਮ ਤੇ ਇੱਕਾ ਦੁੱਕਾ ਗਾਹਕ ਹੀ ਨਜ਼ਰ ਆ ਰਹੇ ਨੇ। ਜਿਸ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੁੰਦੀ ਜਾ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੱਪੜੇ ਦਾ ਵਪਾਰ ਸਭ ਤੋਂ ਜ਼ਿਆਦਾ ਉਦੋਂ ਚੱਲਦਾ ਹੈ ਜਦ ਜਾਂ ਤਾਂ ਵਿਆਹ ਦਾ ਸੀਜ਼ਨ ਹੋਵੇ ਜਾਂ ਫਿਰ ਜਦੋਂ ਵਿਦੇਸ਼ ਤੋਂ ਐਨਆਰਆਈ ਆਉਂਦੇ ਨੇ।
ਹਾਲਾਤ ਇਹ ਨੇ ਕਿ ਦੁਕਾਨਾਂ ਸਿਰਫ਼ ਨਾਮ ਦੇ ਤੌਰ ਤੇ ਖੁੱਲ੍ਹੀਆਂ ਨੇ ਜਦਕਿ ਇਸ ਨਾਲ ਦੁਕਾਨ ਦੇ ਖਰਚੇ ਹੀ ਪੂਰੇ ਨਹੀਂ ਹੋ ਰਹੇ। ਹੁਣ ਦੁਕਾਨਦਾਰਾਂ ਨੂੰ ਉਮੀਦ ਹੈ ਕਿ ਜਲਦ ਹੀ ਕੋਰੋਨਾ ਖਤਮ ਹੋਵੇ ਤਾਂ ਕਿ ਉਨ੍ਹਾਂ ਦਾ ਵਪਾਰ ਫਿਰ ਤੋਂ ਪਹਿਲੇ ਵਾਂਗ ਚੱਲ ਸਕੇ। ਉਨ੍ਹਾਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਕੋਰੋਨਾ ਦਾ ਅਸਰ: ਕਪੜੇ ਦੀਆਂ ਦੁਕਾਨਾਂ ’ਤੇ ਪੱਸਰੀ ਸੁੰਨ ਦੇਸ਼ ਵਿੱਚ ਕੋਰੋਨਾ ਨੇ ਸਿਰਫ਼ ਜਾਨੀ ਨੁਕਸਾਨ ਹੀ ਨਹੀਂ ਕੀਤਾ ਬਲਕਿ ਆਰਥਿਕ ਖੇਤਰ ਵਿੱਚ ਵੀ ਭਾਰੀ ਤਬਾਹੀ ਮਚਾ ਦਿੱਤੀ। ਕੋਰੋਨਾ ਤੋਂ ਬਾਅਦ ਲੱਗੇ ਲਾਕਡਾਊਨ ਦਾ ਅਸਰ ਛੋਟੇ ਤੋਂ ਲੈਕੇ ਵੱਡੇ ਕਾਰੋਬਾਰਾਂ 'ਤੇ ਦੇਖਣ ਨੂੰ ਮਿਲਿਆ ਹੈ। ਕਈ ਕਾਰੋਬਾਰ ਠੱਪ ਹੋ ਗਏ। ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੀ ਨੌਕਰੀਆਂ ਗੁਆਣੀ ਪਈ। ਉਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਅਗਲੇ ਮਹੀਨੇ ਦਾ ਕਿਰਾਇਆ ਦੇ ਸਕਣਗੇ ਜਾਂ ਨਹੀਂ। ਉਹ ਮੁਸ਼ਕਲ ਨਾਲ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਰਹੇ ਸੀ ਤੇ ਕੁੱਝ ਹੁਣ ਵੀ ਕਰ ਰਹੇ ਹਨ।
ਅਰਥਚਾਰੇ ਨੂੰ ਪਟੜੀ 'ਤੇ ਲਿਆਉਣ ਲਈ ਸਰਕਾਰ ਨੇ ਅਨਲੌਕ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਕਾਫ਼ੀ ਅਦਾਰਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ। ਅਨਲੌਕ ਵੱਖ ਵੱਖ ਪੜਾਅਵਾਂ ਵਿੱਚ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਪਰ ਨਾਲ ਹੀ ਜ਼ਰੂਰੀ ਹੈ ਸਰਕਾਰ ਦਾ ਕਾਰੋਬਾਰਾਂ ਵੱਲ ਧਿਆਨ ਦੇਣਾ ਤੇ ਵਪਾਰੀਆਂ ਦੀਆਂ ਦਿੱਕਤਾਂ ਨੂੰ ਹੱਲ ਕਰਨਾ।