ਜਲੰਧਰ: ਵੱਖ-ਵੱਖ ਪਾਰਟੀਆਂ ਲੋਕਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੇ ਨਾਂ 'ਤੇ ਵਿਚਾਰ ਤੇ ਐਲਾਨ 'ਚ ਰੁੱਝੀਆਂ ਹਨ। ਇਸੇ ਦੌਰਾਨ ਕਈ ਆਗੂ ਆਪਣੀ ਹੀ ਪਾਰਟੀ ਤੋਂ ਨਾਰਾਜ਼ ਨਜ਼ਰ ਆ ਰਹੇ ਹਨ, ਜਿਨ੍ਹਾਂ 'ਚੋਂ ਇੱਕ ਹਨ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਪ੍ਰਧਾਨ ਸ਼ਿਵ ਦਿਆਲ ਮਾਲੀ।
ਜਲੰਧਰ ਤੋਂ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਰੁੱਸੇ 'ਆਪ' ਵਰਕਰ
ਆਪ ਵਲੋਂ ਜਲੰਧਰ ਤੋਂ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਲੋਕਸਭਾ ਉਮੀਦਵਾਰ ਬਣਾਉਣ ਨੂੰ ਲੈ ਕੇ ਪਾਰਟੀ ਵਰਕਰ ਨਾਰਾਜ਼, ਆਪ ਆਗੂ ਸ਼ਿਵ ਦਿਆਲ ਮਾਲੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਜ਼ਾਹਿਰ ਕੀਤੀ ਨਾਰਾਜ਼ਗੀ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਸੀਟ ਤੋਂ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਲੋਕਸਭਾ ਉਮੀਦਵਾਰ ਐਲਾਨਿਆ ਹੈ, ਜਦੋਂ ਕਿ ਸ਼ਿਵ ਦਿਆਲ ਮਾਲੀ ਦਾ ਨਾਂਅ ਪਿਛਲੇ ਕਾਫ਼ੀ ਸਮੇਂ ਤੋਂ ਦਾਅਵੇਦਾਰਾਂ ਦੀ ਲਿਸਟ 'ਚ ਸ਼ਾਮਿਲ ਸੀ। ਹੁਣ ਸਾਬਕਾ ਜਸਟਿਸ ਜ਼ੋਰਾ ਸਿੰਘ ਦੇ ਨਾਂਅ ਦੇ ਐਲਾਨ ਤੋਂ ਬਾਅਦ ਸ਼ਿਵ ਦਿਆਲ ਮਾਲੀ ਨੇ ਪਾਰਟੀ ਪ੍ਰਤੀ ਰੋਸ ਜ਼ਾਹਿਰ ਕੀਤਾ ਹੈ।
ਜਦੋਂ ਈਟੀਵੀ ਭਾਰਤ ਨੇ ਸ਼ਿਵ ਦਿਆਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਗੱਲਾਂ-ਗੱਲਾਂ ਵਿੱਚ ਇਹ ਗੱਲ ਸਾਫ਼ ਕਰ ਦਿੱਤੀ ਕਿ ਜਲੰਧਰ ਸੀਟ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਦੇਣ ਤੋਂ ਬਾਅਦ ਨਾ ਸਿਰਫ਼ ਜਲੰਧਰ ਦੇ ਆਪ ਵਰਕਰ ਬਲਕਿ ਉਹ ਖੁਦ ਵੀ ਖਾਸੇ ਨਿਰਾਸ਼ ਹਨ।ਇਸ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਪਾਰਟੀ ਵੱਲੋਂ ਕਿਸੇ ਚੋਣ ਲਈ ਟਿਕਟ ਦਿੱਤਾ ਜਾਣਾ ਪਾਰਟੀ ਦਾ ਆਪਣਾ ਫੈਸਲਾ ਹੁੰਦਾ ਹੈ ਅਤੇ ਉਹ ਪਾਰਟੀ ਦੇ ਨਾਲ ਰਲ ਕੇ ਇਸ ਸੀਟ ਨੂੰ ਜਿੱਤਣ ਦਾ ਪੂਰਾ ਯਤਨ ਕਰਨਗੇ ਅਤੇ ਆਪਣੇ ਵਰਕਰਾਂ ਨੂੰ ਵੀ ਸਮਝਾਉਣਗੇ।