ਜਲੰਧਰ: ਕੋਰੋਨਾ ਵਾਇਰਸ ਦਾ ਵਿਸ਼ਵ ਭਰ ਵਿੱਚ ਜਾਰੀ ਹੈ। ਇਸੇ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਡਾਕਟਰ ਤੇ ਪੁਲਿਸ ਮੁਲਾਜ਼ਮ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਪਰ ਦੂਜੇ ਪਾਸੇ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਜੋ ਜਾਣ ਬੁਝ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਅਜਿਹਾ ਹੀ ਮਾਮਲਾ ਜਲੰਧਰ ਦੇ ਛਾਉਣੀ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਪੁਲਿਸ ਨੂੰ ਫ਼ੋਨ ਕਰਕੇ ਕਿਹਾ ਗਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਭੁੱਖਾ ਹੈ ਅਤੇ ਉਸ ਦੇ ਘਰ ਖਾਣ ਨੂੰ ਕੁਝ ਵੀ ਨਹੀਂ ਹੈ ਜਿਸ ਤੋਂ ਬਾਅਦ ਪੁਲਿਸ ਸਾਰੀ ਰਾਹਤ ਸਮੱਗਰੀ ਲੈ ਕੇ ਉਸ ਦੇ ਘਰ ਪੁੱਜੀ ਜਦੋਂ ਜਾ ਕੇ ਉਹਦੇ ਘਰ ਦੇ ਹਾਲਾਤ ਵੇਖੇ ਤਾਂ ਘਰ ਵਿੱਚ ਹਰ ਚੀਜ਼ ਮੁਹੱਈਆ ਸੀ।
ਸੇਵਾ ਦੀ ਭਾਵਨਾ ਲੈ ਕੇ ਮੌਕੇ ਉੱਤੇ ਪਹੁੰਚੇ ਐਸਐਚਓ ਨੇ ਉਸ ਵੇਲੇ ਪੂਰੇ ਘਰ ਦੀ ਵੀਡੀਓ ਬਣਾਈ ਅਤੇ ਉਸ ਵਿਅਕਤੀ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਅੱਗੇ ਤੋਂ ਅਜਿਹੀ ਕੋਈ ਹਰਕਤ ਮੁਖ ਕੀਤੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੁਲਿਸ ਨੂੰ ਫੋਨ ਕਰਨ ਵਾਲੇ ਵਿਅਕਤੀ ਨੇ ਆਪਣੀ ਗਲਤੀ ਸਵੀਕਾਰ ਕੀਤੀ ਹੈ ਅਤੇ ਦੂਜਿਆਂ ਨੂੰ ਵੀ ਹਿਦਾਇਤ ਦਿੱਤੀ ਹੈ ਕਿ ਉਹ ਅਜਿਹਾ ਨਾ ਕਰਨ।
ਕਾਨੂੰਨੀ ਤੌਰ ਉੱਤੇ ਦੇਖਿਆ ਜਾਵੇ ਤਾਂ ਇਸ ਵਿਅਕਤੀ ਦੀ ਇਸ ਹਰਕਤ ਕਾਰਨ ਐਸਐਚਓ ਚਾਹੁੰਦੇ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆ ਸਕਦੇ ਸੀ ਪਰ ਹਾਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਅਜਿਹਾ ਕਰਨਾ ਠੀਕ ਨਹੀ ਸਮਝਿਆ। ਹਰ ਕਿਸੇ ਨੂੰ ਨੂੰ ਚਾਹੀਦਾ ਹੈ ਵਿਸ਼ਵ ਭਰ ਵਿੱਚ ਫੈਲੇ ਇਸ ਵਾਇਰਸ ਵਿਚਾਲੇ ਅਜਿਹੀਆਂ ਹਰਕਤਾਂ ਕਰਕੇ ਮਾਹੌਲ ਹੋਰ ਖ਼ਰਾਬ ਨਾ ਕਰਨ।