ਹੁਸ਼ਿਆਰਪੁਰ: ਬੁੱਲੇਵਾਲ ਮੁਹੱਲੇ ਦਾ ਰਹਿਣ ਵਾਲਾ ਇੱਕ ਵਿਆਹੁਤਾ ਜੋੜਾ ਸਿਵਲ ਹਸਪਤਾਲ ਵੱਲੋਂ ਕੀਤੇ ਜਾ ਰਹੇ ਕੋਵਿਡ-19 ਦੇ ਟੈਸਟ ਦੀ ਰਿਪੋਰਟ ਨੂੰ ਲੈ ਕੇ ਸਵਾਲ ਚੁੱਕਦਾ ਨਜ਼ਰ ਆ ਰਿਹਾ ਹੈ। ਇਸ ਬਾਰੇ ਪੱਤਰਕਾਰ ਨਾਲ ਗੱਲ ਕਰਦਿਆਂ ਪੀੜਤ ਸੀਓ ਪ੍ਰਾਸ਼ਰ ਨੇ ਦੱਸਿਆ ਕਿ ਉਸ ਦੀ ਪਤਨੀ 4 ਮਹੀਨਿਆਂ ਤੋਂ ਗਰਭਵਤੀ ਹੈ ਤੇ ਕੁਝ ਦਿਨ ਪਹਿਲਾਂ ਹੀ ਸਿਵਲ ਹਸਪਤਾਲ ਵਿੱਚ ਉਸ ਨੇ ਆਪਣੀ ਪਤਨੀ ਦਾ ਕੋਰੋਨਾ ਟੈਸਟ ਕਰਵਾਇਆ ਸੀ ਜਿਸ ਦੀ ਰਿਪੋਰਟ ਪੌਜ਼ੀਟਿਵ ਆਈ ਸੀ।
ਇਸ ਤੋਂ ਬਾਅਦ ਉਸ ਦੇ ਘਰ ਦੇ ਬਾਹਰ ਇਕਾਂਤਵਾਸ ਦਾ ਸਟਿੱਕਰ ਲਗਾ ਦਿੱਤਾ ਗਿਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਅਗਲੇ ਹੀ ਦਿਨ ਆਪਣਾ ਤੇ ਆਪਣੀ ਪਤਨੀ ਦਾ ਟੈਸਟ ਕਰਵਾਇਆ ਤਾਂ ਉੱਥੇ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ। ਹੁਣ ਵੀ ਉਸ ਦੇ ਘਰ ਦੇ ਬਾਹਰ ਇਕਾਂਤਵਾਸ ਦਾ ਬੋਰਡ ਲੱਗਿਆ ਹੋਇਆ ਹੈ।
ਉਸ ਦਾ ਕਹਿਣਾ ਹੈ ਕਿ ਉਸ ਨੇ ਉਸ ਦੀ ਪਤਨੀ ਗਰਭਵਤੀ ਹੈ ਤੇ ਇਕਾਂਤਵਾਸ ਦਾ ਸਟਿੱਕਰ ਲੱਗਿਆ ਹੋਣ ਕਰਕੇ ਕੋਈ ਵੀ ਉਨ੍ਹਾਂ ਦੇ ਘਰ ਨਹੀਂ ਆਉਂਦਾ ਹੈ, ਇੱਥੇ ਤੱਕ ਕਿ ਜੇਕਰ ਕਿਸੇ ਚੀਜ਼ ਦੀ ਲੋੜ ਵੀ ਪੈਂਦੀ ਹੈ ਤਾਂ ਕੋਈ ਮਦਦ ਲਈ ਨਹੀਂ ਆਉਂਦਾ ਹੈ। ਪ੍ਰਾਸ਼ਰ ਨੇ ਕਿਹਾ ਕਿ ਇੰਨਾ ਹੀ ਨਹੀਂ ਡਾਕਟਰ ਤੇ ਸਿਹਤ ਮਹਿਕਮਾਂ ਵੀ ਸਾਰ ਨਹੀਂ ਲੈਂਦਾ, ਸਿਰਫ਼ ਆਸ਼ਾ ਵਰਕਰ ਹੀ ਹਾਲ ਪੁੱਛਦੇ ਹਨ। ਇਸ ਦੇ ਚਲਦਿਆਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੁਣ ਉਸ ਵੱਲੋਂ ਵਾਰ-ਵਾਰ ਸਿਹਤ ਵਿਭਾਗ ਤੇ ਹੋਰਨਾਂ ਅਧਿਕਾਰੀਆਂ ਨੂੰ ਕੋਵਿਡ-19 ਦਾ ਬੋਰਡ ਉਤਾਰਨ ਦੀ ਅਪੀਲ ਕੀਤੀ ਜਾ ਰਹੀ ਹੈ ਪ੍ਰੰਤੂ ਕਿਸੇ ਵੀ ਅਧਿਕਾਰੀ ਵੱਲੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਉਸ ਨੂੰ ਹੀ ਕਿਹਾ ਜਾ ਰਿਹਾ ਕੈ ਕਿ ਉਹ ਖ਼ੁਦ ਸਟਿੱਕਰ ਲਾਹ ਲਵੇ ਜਿਸ ਕਰਕੇ ਉਸ ਦਾ ਕਹਿਣਾ ਹੈ ਕਿ ਉਹ ਦਿਮਾਗੀ ਤੌਰ 'ਤੇ ਕਾਫ਼ੀ ਪਰੇਸ਼ਾਨ ਹੋ ਰਿਹਾ ਹੈ।
ਦੂਜੇ ਪਾਸੇ ਸੀਐਮਓ ਡਾਕਟਰ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦੇ ਬਾਹਰ ਲੱਗਿਆ ਹੋਇਆ ਇਕਾਂਤਵਾਸ ਦਾ ਬੋਰਡ ਉਤਾਰ ਦਿੱਤਾ ਜਾਵੇਗਾ ਕਿਉਂਕਿ ਹੁਣ ਪੰਜਾਬ ਸਰਕਾਰ ਵੱਲੋਂ ਵੀ ਬੋਰਡ ਲਾਉਣ ਨੂੰ ਲੈ ਕੇ ਮਨ੍ਹਾ ਕਰ ਦਿੱਤਾ ਗਿਆ ਹੈ।