ਹੁਸ਼ਿਆਰਪੁਰ: ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜਪਾਲ ਨੂੰ ਦਿੱਤੇ ਜਵਾਬ 'ਤੇ ਸੋਮਵਾਰ ਨੂੰ ਇਥੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਵੇਂ ਬਿਆਨਬਾਜ਼ੀ ਕਰ ਰਹੇ ਹਨ ਉਹ ਇੱਕ ਮੁੱਖ ਮੰਤਰੀ ਵੱਜੋਂ ਬੇਹੱਦ ਗ਼ੈਰ-ਜ਼ਿੰਮੇਵਾਰਾਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਸ ਤਰ੍ਹਾਂ ਦੇ ਜੋ ਬਿਆਨ ਹਨ ਉਹ ਪਹਿਲਾਂ ਕੇਜਰੀਵਾਲ ਅਤੇ ਮਮਤਾ ਬੈਨਰਜ਼ੀ ਕਰਦੇ ਰਹੇ ਹਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਵਿੱਚ ਪੂਰੀ ਤਰ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਦੀ ਆਤਮਾ ਆ ਗਈ ਹੈ, ਕਿਉਂਕਿ ਜਿਵੇਂ ਉਹ ਊਟ-ਪਟਾਂਗ ਬੋਲਦੇ ਸਨ ਓਵੇਂ ਹੀ ਕੈਪਟਨ ਸਾਹਿਬ ਬੋਲ ਰਹੇ ਹਨ।
ਕਾਂਗਰਸ ਲੋਕਾਂ ਨੂੰ ਭੜਕਾ ਰਹੀ ਹੈ
ਉਨ੍ਹਾਂ ਕਿਹਾ ਕਿ 41 ਵਾਰੀ ਸੂਬੇ ਵਿੱਚ ਰਾਸ਼ਟਰਪਤੀ ਰਾਜ ਲੱਗ ਚੁੱਕਾ ਹੈ ਤੇ ਕੇਂਦਰ ਵਿੱਚ ਕਾਂਗਰਸ ਸਰਕਾਰ ਨੇ ਵੀ ਜਦੋਂ ਸੂਬੇ ਵਿੱਚ ਕਾਂਗਰਸ ਸਰਕਾਰ ਨੂੰ ਭੰਗ ਕਰ ਦਿੱਤਾ ਸੀ। ਪਰ ਅੱਜ ਜਦੋਂ ਕੇਂਦਰ ਦੀ ਭਾਜਪਾ ਸਰਕਾਰ ਭਾਈਚਾਰਕ ਸਾਂਝ ਨਾਲ ਖੇਤੀ ਕਾਨੂੰਨਾਂ ਦੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਾਂਗਰਸ ਸਰਕਾਰ ਲੋਕਾਂ ਨੂੰ ਭੜਕਾ ਰਹੀ ਹੈ।