ਹੁਸ਼ਿਆਰਪੁਰ :ਏਸ਼ੀਆ ਖੇਡਾਂ 'ਚ 2 ਵਾਰ ਗੋਲਡ ਮੈਡਲ ਜਿੱਤਣ ਵਾਲੇ ਓਲੰਪੀਅਨ ਅਥਲੀਟ ਹਰੀ ਚੰਦ ਜੋ ਕਿ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਅਧੀਨ ਆਉਂਦੇ ਪਿੰਡ ਘੋੜੇਵਾਹਾ ਵਿਖੇ ਰਹਿ ਰਹੇ ਸੀ। ਉਹਨਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ, ਜਿਨ੍ਹਾਂ ਦਾ ਮੰਗਲਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਵਿੱਚ ਹੀ ਅੰਤਿਮ ਸਸਕਾਰ ਕੀਤਾ ਗਿਆ ਹੈ। ਅਰਜੁਨ ਅਵਾਰਡ ਨਾਲ ਸਨਮਾਨਿਤ ਓਲੰਪੀਅਨ ਹਰੀ ਚੰਦ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਨਾ ਹੋਣ ਉੱਤੇ ਪਰਿਵਾਰ ਨੇ ਦੁੱਖ ਪ੍ਰਗਟਾਇਆ ਉੱਥੇ ਹੀ ਸਸਕਾਰ ਮੌਕੇ ਕੋਈ ਵੀ ਸਰਕਾਰੀ ਅਧਿਕਾਰੀ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਨਹੀਂ ਪਹੁੰਚਿਆ।
ਜਿਸ ਨੂੰ ਲੈ ਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮੁਲਜ਼ਮ ਪਾਏ ਜਾਣ ਉੱਤੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਗੱਲ ਵੀ ਕਹੀ ਗਈ ਹੈ। ਜ਼ਿਕਰਯੋਗ ਹੈ ਕਿ ਓਲੰਪੀਅਨ ਹਰੀ ਚੰਦ ਨੇ ਏਸ਼ੀਆਂ ਖੇਡਾਂ ਵਿੱਚ ਭਾਰਤ ਲਈ 2 ਵਾਰ ਮੈਡਲ ਜਿੱਤ ਕੇ ਆਪਣੇ ਪਿੰਡ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਸੀ ਅਤੇ ਇੰਨੇ ਉੱਚ ਮੁਕਾਮ ਉੱਤੇ ਪਹੁੰਚਣ ਦੇ ਬਾਵਜੂਦ ਵੀ ਹਰੀ ਚੰਦ ਆਪਣੀ ਮਿੱਟੀ ਨੂੰ ਪਿਆਰ ਕਰਦੇ ਹੋਏ ਪਿੰਡ ਵਿੱਚ ਹੀ ਰਹਿ ਰਹੇ ਸਨ।