ਹੁਸ਼ਿਆਰਪੁਰ: ਸੂਬੇ 'ਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਤੋਂ ਵੀਕੈਂਡ ਲੌਕਡਾਊਨ ਲਗਾ ਦਿੱਤਾ ਹੈ। ਪਰ ਲੋਕ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ। ਲੌਕਡਾਊਨ ਹੋਣ ਦੇ ਬਾਵਜੂਦ ਦੁਕਾਨਾਂ ਖੁਲ੍ਹੀਆਂ ਦਿਖਾਈ ਦਿੱਤੀਆਂ। ਤਾਜ਼ਾ ਮਾਮਲਾ ਬਲਾਕ ਮਾਹਿਲਪੁਰ ਅਧੀਨ ਆਉਂਦੇ ਪਿੰਡ ਈਸਪੁਰ ਅੱਡੇ ਦਾ ਹੈ ਜਿਥੇ ਵੀਕੈਂਡ ਲੌਕਡਾਊਨ 'ਤੇ ਦੁਕਾਨਾਂ ਖੁਲ੍ਹੀਆਂ ਸਨ। ਜਦੋਂ ਅਜਨੋਹਾ ਚੌਕੀ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਦੁਕਾਨਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ ਤੇ ਇੱਕ ਦੁਕਾਨਦਾਰ ਨੇ ਆਪਣੀ ਦਾਤਰ ਨਾਲ ਕਾਤਲਾਨਾ ਹਮਲਾ ਕਰਕੇ ਥਾਣੇਦਾਰ ਦਾ ਸਿਰ ਪਾੜ ਦਿੱਤਾ।
ਵੀਕੈਂਡ ਲੌਕਡਾਊਨ ਦੌਰਾਨ ਦੁਕਾਨਾਂ ਬੰਦ ਕਰਵਾ ਰਹੇ ਥਾਣੇਦਾਰ 'ਤੇ ਕਾਤਲਾਨਾ ਹਮਲਾ - Admitted to Civil Hospital Mahilpur
ਕੋਰੋਨਾ ਦੇ ਕਹਿਰ ਕਾਰਨ ਸੂਬੇ 'ਚ ਮੁੜ ਤੋਂ ਵੀਕੈਂਡ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੀ ਦੁਕਾਨਦਾਰਾਂ ਨੂੰ ਤੇਅ ਸਮੇਂ ਤੱਕ ਹੀ ਦੁਕਾਨਾਂ ਖੋਲ੍ਹਣ ਦੀ ਅਪੀਲ ਕਰ ਰਿਹਾ ਹੈ। ਦੁਕਾਨਦਾਰ ਆਪਣੀ ਮਰਜੀ ਨਾਲ ਦੁਕਾਨਾਂ ਖੋਲ੍ਹ ਰਹੇ ਹਨ ਅਤੇ ਇਹ ਦੁਕਾਨਦਾਰ ਪੁਲਿਸ ਨਾਲ ਬਹਿਸ ਵੀ ਕਰ ਰਹੇ ਹਨ। ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਦ ਬਲਾਕ ਮਾਹਿਲਪੁਰ ਦੇ ਪਿੰਡ ਈਸਪੁਰ ਵਿਖੇ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾ ਰਹੇ ਇਕ ਥਾਣੇਦਾਰ 'ਤੇ ਦੁਕਾਨਦਾਰ ਨੇ ਦਾਤਰ ਨਾਲ ਕਾਤਲਾਨਾ ਹਮਲਾ ਕਰਕੇ ਥਾਣੇਦਾਰ ਦਾ ਸਿਰ ਖੋਲ੍ਹ ਦਿੱਤਾ।
ਚੌਕੀ ਇੰਚਾਰਜ ਹਰ ਗੋਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਈਸਪੁਰ ਅੱਡੇ 'ਚ ਕੁਝ ਦੁਕਾਨਦਾਰ ਦੁਕਾਨਾਂ ਖੋਲ੍ਹੀ ਬੈਠੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਮੁਲਾਜ਼ਮਾਂ ਨੂੰ ਨਾਲ ਲੈ ਕੇ ਦੁਕਾਨਾਂ ਬੰਦ ਕਰਵਾ ਰਹੇ ਸਨ ਤਾਂ ਉਨ੍ਹਾਂ ਦਾ ਥਾਣੇਦਾਰ ਚਮਨ ਲਾਲ ਇੱਕ ਟਾਇਰਾਂ ਦੀ ਮੁਰੰਮਤ ਕਰਨ ਵਾਲੇ ਦੁਕਾਨਦਾਰ ਕੋਲ ਗਿਆ ਤੇ ਉਸ ਨੂੰ ਦੁਕਾਨ ਬੰਦ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਦੁਕਾਨਦਾਰ ਨੇ ਬਹਿਸ ਸ਼ੁਰੂ ਕਰ ਦਿੱਤੀ। ਇਹ ਬਹਿਸ ਇੰਨੀ ਵੱਧ ਗਈ ਕਿ ਦੇਖਦਿਆਂ ਹੀ ਦੇਖਦਿਆਂ ਦੁਕਾਨਦਾਰ ਨੇ ਥਾਣੇਦਾਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਫਿਲਹਾਲ ਥਾਣੇਦਾਰ ਦੀ ਹਾਲਤ ਬੇਹੱਦ ਨਾਜ਼ੁਕ ਹੈ।
ਗੰਭੀਰ ਹਾਲਤ 'ਚ ਥਾਣੇਦਾਰ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਹਮਲਾ ਕਰਨ ਵਾਲੇ ਦੁਕਾਨਦਾਰ ਨੂੰ ਕਾਬੂ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।