ਹੁਸ਼ਿਆਰਪੁਰ: ਪਿਛਲੇ ਦਿਨੀਂ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਦੋਸ਼ ਲਗਾਇਆ ਕਿ ਸੰਸਦ ਮੈਂਬਰ ਸੋਮ ਪ੍ਰਕਾਸ਼ ਆਪਣੇ ਹਲਕੇ ਵਿਚ ਨਜ਼ਰ ਨਹੀਂ ਆ ਰਹੇ ਹਨ ਤੇ ਅਕਸਰ ਹੀ ਉਨ੍ਹਾਂ ਹੁਸ਼ਿਆਰਪੁਰ ਦੀ ਬਜਾਏ ਆਪਣੇ ਸ਼ਹਿਰ ਫਗਵਾੜਾ ਨੂੰ ਤਰਜੀਹ ਦਿੱਤੀ ਹੈ।
ਇਸ ਕਰਕੇ ਆਮ ਆਦਮੀ ਪਾਰਟੀ ਵਰਕਰ ਵੱਲੋਂ ਪਿਛਲੇ ਦਿਨੀਂ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਸੋਮ ਪ੍ਰਕਾਸ਼ ਦੇ ਗੁੰਮਸ਼ੁਦਗੀ ਦੇ ਪੋਸਟਰ ਲਾ ਕੇ ਉਨ੍ਹਾਂ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਪੰਜਾਬ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ।
ਅੱਜ ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਐਮਐਲਏ ਜੈ ਕਿਸ਼ਨ ਰੌਡੀ ਦੀ ਅਗਵਾਈ ਵਿੱਚ ਐਸਐਸਪੀ ਨੂੰ ਮਿਲਿਆ ਅਤੇ ਆਮ ਆਦਮੀ ਪਾਰਟੀ ਵਰਕਰ ਉੱਤੇ ਦਰਜ ਮਾਮਲੇ ਨੂੰ ਖ਼ਾਰਜ ਕਰਨ ਦੀ ਗੱਲ ਕਹੀ ਤੇ ਇੱਕ ਮੰਗ ਪੱਤਰ ਐਸਐਸਪੀ ਹੁਸ਼ਿਆਰਪੁਰ ਗੌਰਵ ਗਰਗ ਨੂੰ ਸੌਂਪਿਆ।
ਇਸ ਮੌਕੇ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਹ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਉਲੀਕੇਗੀ। ਉਨ੍ਹਾਂ ਇਹ ਵੀ ਇਲਜ਼ਾਮ ਲਗਾਏ ਕਿ ਆਮ ਆਦਮੀ ਪਾਰਟੀ ਵਰਕਰ ਉੱਤੇ ਇਹ ਮਾਮਲਾ ਰਾਜਨੀਤਿਕ ਸ਼ੈਅ ਉੱਤੇ ਕੀਤਾ ਗਿਆ ਹੈ।
ਇਸ ਮੌਕੇ ਜੈ ਕਿਸ਼ਨ ਰੌਡੀ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਦੇ ਨਕਸ਼ੇ ਕਦਮ ਉੱਤੇ ਹੀ ਪੰਜਾਬ ਦੀ ਸਰਕਾਰ ਚੱਲ ਰਹੀ ਹੈ ਜਿਸ ਤਰ੍ਹਾਂ ਮੋਦੀ ਸਰਕਾਰ ਧੱਕਾ ਕਰ ਰਹੀ ਹੈ ਉਸੇ ਤਰ੍ਹਾਂ ਹੀ ਪੰਜਾਬ ਵਿੱਚ ਕੈਪਟਨ ਸਰਕਾਰ ਧੱਕਾ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।