ਪੰਜਾਬ

punjab

ETV Bharat / state

Indian Spies Caught In Pakistan: 6 ਮਹੀਨੇ ਪਹਿਲਾਂ ਪਾਕਿਸਤਾਨ ਤੋਂ ਵਾਪਸ ਆਏ ਰਾਅ ਏਜੰਸੀ ਦੇ ਜਾਸੂਸ ਨੇ ਦੱਸੇ ਦਿਲ ਨੂੰ ਝੰਜੋੜਨ ਵਾਲੇ ਸੱਚ - ਸਰਬਜੀਤ ਅਤੇ ਕ੍ਰਿਪਾਲ ਵਾਂਗ ਆਰਥਿਕ ਮਦਦ ਨਹੀਂ ਦਿੱਤੀ

ਸਾਰੀ ਜ਼ਿੰਦਗੀ ਆਪਣੀ ਭਾਰਤ ਮਾਂ ਦੇ ਨਾਮ ਕਰਨ ਵਾਲੇ ਜਾਸੂਸਾਂ ਦਾ ਹਾਲ ਵੇਖ ਵੇਖ ਕੇ ਅੱਖਾਂ ਚੋਂ ਹੰਝੂ ਨਹੀਂ ਰੁਕਣਗੇ, ਸੁਣੋ ਉਨ੍ਹਾਂ ਦੀ ਦਰਦ ਭਰੀ ਦਾਸਤਾਂ ...

Indian spies caught in Pakistan
6 ਮਹੀਨੇ ਪਹਿਲਾਂ ਪਾਕਿਸਤਾਨ ਤੋਂ ਵਾਪਸ ਆਏ ਰਾਅ ਏਜੰਸੀ ਦੇ ਜਾਸੂਸ ਨੇ ਦੱਸੇ ਦਿਲ ਨੂੰ ਝੰਜੋੜਨ ਵਾਲੇ ਸੱਚ....

By ETV Bharat Punjabi Team

Published : Aug 25, 2023, 5:19 PM IST

6 ਮਹੀਨੇ ਪਹਿਲਾਂ ਪਾਕਿਸਤਾਨ ਤੋਂ ਵਾਪਸ ਆਏ ਰਾਅ ਏਜੰਸੀ ਦੇ ਜਾਸੂਸ ਨੇ ਦੱਸੇ ਦਿਲ ਨੂੰ ਝੰਜੋੜਨ ਵਾਲੇ ਸੱਚ....

ਗੁਰਦਾਸਪੁਰ: ਦੇਸ਼ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਾਸੂਸਾਂ ਦੀ ਭਾਰਤ ਸਰਕਾਰ ਸਾਰ ਨਹੀਂ ਲੈ ਰਹੀ। ਏਜੰਸੀ ਰਾਅ ਲਈ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਜਾਸੂਸ ਅੱਜ ਦਾਣੇ-ਦਾਣੇ ਦੇ ਮੋਹਤਾਜ ਹਨ, ਜੋ ਦੇਸ਼ ਦੀ ਖਾਤਰ ਸਰਹੱਦ ਪਾਰ ਜਾ ਕੇ ਪਾਕਿਸਤਾਨ ਦੇ ਭੇਤ ਆਪਣੇ ਦੇਸ਼ ਨੂੰ ਦੱਸਦੇ ਸਨ, ਅੱਜ ਉਹੀ ਜਾਂਬਾਜ਼ ਜਾਸੂਸ ਕੁਝ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਮਾਰੇ ਗਏ ਤੇ ਕੁਝ ਭਾਰਤ ਵਿੱਚ ਘੁਟ-ਘੁਟ ਕੇ ਮਰਨ ਲਈ ਮਜਬੂਰ ਹਨ। ਹੁਣ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਕੁਝ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ, ਜਦਕਿ ਕੁਝ ਲਕਵੇ ਦੇ ਮਰੀਜ਼ ਹੋ ਚੁਕੇ ਹਨ। ਇਨ੍ਹਾਂ ਜਾਸੂਸਾਂ ਦੇ ਪਰਿਵਾਰ ਭੁੱਖਮਰੀ ਅਤੇ ਗਰੀਬੀ ਨਾਲ ਜੂਝ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੰਡਵਾ ਵਿੱਚ 8 ਜਾਸੂਸ ਰਹਿੰਦੇ ਸਨ, ਜਿਨ੍ਹਾਂ ਵਿੱਚੋਂ ਡੈਨੀਅਲ ਮਸੀਹ, ਰਾਜਕੁਮਾਰ ਰਾਜੂ ਅਜੇ ਜ਼ਿੰਦਾ ਹਨ, ਸਤਪਾਲ, ਡੇਵਿਡ, ਕ੍ਰਿਪਾਲ ਸਿੰਘ, ਅਸ਼ੋਕ ਕੁਮਾਰ, ਰੂਪ ਲਾਲ ਅਤੇ ਸੁਨੀਲ ਦੀ ਮੌਤ ਹੋ ਚੁੱਕੀ ਹੈ।

ਡੈਨੀਅਲ ਮਸੀਹ ਜਾਸੂਸ :ਜਾਸੂਸ ਡੇਨੀਅਲ ਮਸੀਹ ਨੇ ਦੱਸਿਆ ਕਿ ਉਹ ਏਜੰਸੀ ਰਾਅ ਦੇ ਕਹਿਣ 'ਤੇ ਡੇਰਾ ਬਾਬਾ ਨਾਨਕ ਸਰਹੱਦ ਤੋਂ ਪਾਕਿਸਤਾਨ ਜਾਸੂਸੀ ਲਈ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਸਾਲ 1993 ਤੋਂ 1997 ਤੱਕ ਉਹ ਲਗਭਗ ਚਾਰ ਸਾਲ ਜੇਲ੍ਹ ਵਿੱਚ ਰਹੇ ਅਤੇ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਬੇਹੱਦ ਤਸੀਹੇ ਦਿੱਤੇ। ਮਸੀਹ ਨੇ ਦੱਸਿਆ ਕਿ ਉਸ ਨੇ ਰਾਅ ਏਜੰਸੀ ਲਈ ਪਾਕਿਸਤਾਨ ਤੋਂ ਰੇਲਵੇ ਟਾਈਮ ਟੇਬਲ, ਉੱਥੋਂ ਦੀਆਂ ਮਸ਼ਹੂਰ ਕਿਤਾਬਾਂ ਅਤੇ ਰਾਅ ਏਜੰਸੀ ਨੇ ਉਸਨੂੰ ਪਾਕਿਸਤਾਨ ਦੇ ਇੱਕ ਵਿਅਕਤੀ ਨਾਲ ਮਿਲਾਉਣ ਦਾ ਮਿਸ਼ਨ ਦਿੱਤਾ ਜੀ ਜਿਸ ਨੂੰ ਉਸ ਨੇ ਪੂਰਾ ਕਰਦਿਆ ਅਬਦੂਲਾ ਨਾਮ ਦੇ ਇੱਕ ਪਾਕਿਸਤਾਨੀ ਵਿਅਕਤੀ ਨੂੰ ਝਾਂਸੇ ਵਿਚ ਲੈਕੇ ਰਾਅ ਏਜੰਸੀ ਦੇ ਅਧਿਕਾਰੀਆਂ ਨਾਲ ਮਿਲਵਾਇਆ ਅਤੇ ਜਦੋਂ ਉਹ ਦੁਬਾਰਾ ਪਾਕਿਸਤਾਨ ਗਿਆ, ਤਾਂ ਉਹ ਉੱਥੇ ਫੜਿਆ ਗਿਆ। ਸਾਲ 1997 ਸਮਝੌਤਾ ਐਕਸਪ੍ਰੈਸ ਰਾਹੀਂ ਉਹ ਭਾਰਤ ਪਹੁੰਚ ਗਿਆ। ਪਰ, ਅੱਜ ਤੱਕ ਉਸ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਕੋਈ ਆਰਥਿਕ ਮਦਦ ਨਹੀਂ ਦਿੱਤੀ ਗਈ। ਹੁਣ ਉਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ, ਜਦਕਿ ਉਸ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੇ ਵੀ ਦੇਸ਼ ਲਈ ਆਪਣੀ ਜਾਨ ਦਾਅ 'ਤੇ ਲਾਈ ਹੈ। ਕੀ ਇਹ ਪੈਸਾ ਸਿਰਫ਼ ਮਰਨ ਵਾਲਿਆਂ ਨੂੰ ਹੀ ਦਿੱਤਾ ਜਾਂਦਾ ਹੈ, ਬਚ ਕੇ ਆਉਣ ਵਾਲੇ ਕਿਸੇ ਵੀ ਜਾਸੂਸ ਨੂੰ ਕੁਝ ਨਹੀਂ ਦਿੱਤਾ ਗਿਆ। ਇਨ੍ਹਾਂ ਪਰਿਵਾਰਾਂ ਨੂੰ ਸਰਬਜੀਤ ਸਿੰਘ ਅਤੇ ਕ੍ਰਿਪਾਲ ਵਾਂਗ ਆਰਥਿਕ ਮਦਦ ਕਿਉਂ ਨਹੀਂ ਦਿੱਤੀ ਗਈ। ਭਾਰਤ ਸਰਕਾਰ ਨੇ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਹੈ ?



ਜਾਸੂਸ ਰਾਜਕੁਮਾਰ ਰਾਜੂ ਦਾ ਕੀ ਕਹਿਣਾ : 6 ਮਹੀਨੇ ਪਹਿਲਾਂ ਪਾਕਿਸਤਾਨ ਦੀ ਕੋਟ ਲਖਪਤ ਲਾਹੌਰ ਜੇਲ੍ਹ ਤੋਂ ਰਿਹਾਅ ਹੋਏ ਜਾਸੂਸ ਰਾਜਕੁਮਾਰ ਰਾਜੂ ਨੇ ਦੱਸਿਆ ਕਿ ਉਹ ਵੀ ਰਾਅ ਏਜੰਸੀ ਲਈ ਜਾਸੂਸੀ ਦਾ ਕੰਮ ਕਰਦਾ ਸੀ ਅਤੇ ਰਾਅ ਏਜੰਸੀ ਨੂੰ ਪਾਕਿਸਤਾਨ ਦੀਆਂ ਕਈ ਤਰ੍ਹਾਂ ਦੀਆਂ ਗੁਪਤ ਸੂਚਨਾਵਾਂ ਦਿੰਦਾ ਸੀ, ਖਾਸ ਤੌਰ 'ਤੇ ਪਾਕਿਸਤਾਨੀ ਫੋਨਾਂ ਦੀ ਡਾਇਰੈਕਟਰੀ ਅਤੇ ਉਥੋਂ ਦੇ ਮਸ਼ਹੂਰ ਲੋਕਾਂ ਦੀ ਸੂਚੀ ਵੀ ਰਾਅ ਏਜੰਸੀ ਨੂੰ ਲਿਆ ਕੇ ਦਿੱਤੀ, ਜਿਸ ਦੇ ਬਦਲੇ ਉਸਨੂੰ 10 ਤੋਂ 20 ਹਜ਼ਾਰ ਮਿਲਦੇ ਸਨ। ਆਖਿਰਕਾਰ ਇਕ ਦਿਨ ਉਸ ਨੂੰ ਪਾਕਿਸਤਾਨ ਦੇ ਰੇਂਜਰਾਂ ਨੇ ਫੜ ਲਿਆ ਅਤੇ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ 3 ਸਾਲ ਤੱਕ ਟਾਰਚਰ ਕੀਤਾ ਜਿਸ ਨਾਲ ਉਸਦਾ ਮਾਨਸਿਕ ਸੰਤੁਲਨ ਵਿਗੜ ਗਿਆ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਉਸ ਨੂੰ 6 ਮਹੀਨੇ ਪਹਿਲਾਂ ਰਿਹਾਅ ਕਰ ਦਿੱਤਾ ਸੀ, ਜਿੱਥੇ ਹੁਣ ਉਸ ਦਾ ਮਾਨਸਿਕ ਸੰਤੁਲਨ ਠੀਕ ਹੋਣ ਲੱਗਾ ਹੈ ਅਤੇ ਉਸ ਦੀ ਯਾਦਾਸ਼ਤ ਵਾਪਸ ਆਈ ਹੈ। ਉਸ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਉਸ ਨੂੰ ਕੁਝ ਨਹੀਂ ਦਿੱਤਾ।

ਜੇਲ੍ਹ 'ਚ ਮਾਰੇ ਗਏ ਸਤਪਾਲ ਜਾਸੂਸ ਦੇ ਪੁੱਤਰ ਦਾ ਦਰਦ: ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਗਏ ਸਤਪਾਲ ਜਾਸੂਸ ਦੇ ਪੁੱਤਰ ਸੁਰਿੰਦਰ ਪਾਲ ਨੇ ਦੱਸਿਆ ਕਿ ਜਦੋਂ ਉਸ ਦਾ ਪਿਤਾ ਜਾਸੂਸੀ ਦਾ ਕੰਮ ਕਰਦਾ ਸੀ, ਤਾਂ ਉਹ ਬਹੁਤ ਛੋਟਾ ਸੀ, ਉਸ ਨੂੰ ਆਪਣੀ ਮਾਂ ਅਤੇ ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਕਿ ਉਸ ਦਾ ਪਿਤਾ ਰਾਅ ਏਜੰਸੀ ਲਈ ਪਾਕਿਸਤਾਨ ਵਿੱਚ ਜਾਸੂਸੀ ਦਾ ਕੰਮ ਕਰਦਾ ਹੈ। ਦਸੰਬਰ 1999 ਵਿੱਚ ਉਸ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਸਤਪਾਲ ਦੀ ਪਾਕਿਸਤਾਨ ਦੀ ਕੋਟ ਲਖਪਤ ਲਾਹੌਰ ਜੇਲ੍ਹ ਵਿੱਚ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ਬਾਅਦ ਉਸ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਪਹੁੰਚੀ ਸੀ। ਉਸ ਦੀ ਮ੍ਰਿਤਕ ਦੇਹ ਨੂੰ ਤਿਰੰਗੇ 'ਚ ਲਪੇਟ ਕੇ ਭਾਰਤ ਲਿਆਂਦਾ ਗਿਆ। ਮੌਕੇ 'ਤੇ ਪਹੁੰਚੇ ਸਰਕਾਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਸਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਪਰ ਅਜੇ ਤੱਕ ਕੁਝ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਸਰਬਜੀਤ ਵੀ ਜਾਸੂਸੀ ਲਈ ਪਾਕਿਸਤਾਨ ਗਿਆ ਸੀ ਅਤੇ ਉਸਦੇ ਪਿਤਾ ਨਾਲ ਹੀ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸੀ। ਜਦੋ ਉਸਦੇ ਪਰਿਵਾਰ ਨੂੰ ਸਭ ਕੁਝ ਮਿਲ ਗਿਆ ਹੈ ਤਾਂ ਉਨ੍ਹਾਂ ਨੂੰ ਕਿਉ ਕੁਝ ਨਹੀਂ ਦਿੱਤਾ ਗਿਆ। ਉਨ੍ਹਾਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਬਾਰੇ ਵੀ ਸੋਚਿਆ ਜਾਵੇ।



ਡੇਵਿਡ ਜਾਸੂਸ ਦੀ ਮੌਤ:ਇਸੇ ਤਰ੍ਹਾਂ ਪਿੰਡ ਡੰਡਵਾ ਦੇ ਡੇਵਿਡ ਜਾਸੂਸ ਨੇ ਵੀ ਆਪਣੀ ਜ਼ਿੰਦਗੀ ਦੇ ਅੱਠ ਸਾਲ ਪਾਕਿਸਤਾਨ ਦੀ ਜੇਲ੍ਹ ਵਿਚ ਗੁਜ਼ਾਰੇ, ਉਹ ਵੀ ਕੁਝ ਸਾਲ ਪਹਿਲਾਂ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਭਾਰਤ ਆਇਆ ਸੀ, ਪਰ ਪਾਕਿਸਤਾਨ ਤੋਂ ਵਾਪਸ ਆਉਣ ਦੇ ਦੋ ਮਹੀਨੇ ਬਾਅਦ ਹੀ ਉਸ ਨੂੰ ਅਧਰੰਗ ਦਾ ਦੌਰਾ ਪਿਆ ਅਤੇ ਕੁਝ ਇੱਕ ਮਹੀਨੇ ਬਾਅਦ ਹੀ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਵੀ ਪਾਕਿਸਤਾਨ ਦੀ ਜੇਲ੍ਹ ਵਿੱਚ ਵੀ ਬਹੁਤ ਤਸੀਹੇ ਦਿੱਤੇ ਗਏ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁਸਤਫਾਬਾਦ ਸੈਦਾ ਦੇ ਰਹਿਣ ਵਾਲੇ ਜਾਸੂਸ ਕਿਰਪਾਲ ਸਿੰਘ, ਅਸ਼ੋਕ ਕੁਮਾਰ, ਰੂਪ ਲਾਲ ਅਤੇ ਸੁਨੀਲ ਦੀ ਮੌਤ ਹੋ ਚੁੱਕੀ ਹੈ। ਇਹ ਸਾਰੇ ਪਰਿਵਾਰ ਸਰਕਾਰ ਨੂੰ ਮਦਦ ਦੀ ਗੁਹਾਰ ਲਗਾ ਰਹੇ ਹਨ ਕਿ ਸ਼ਾਇਦ ਸਰਕਾਰ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਗਰੀਬੀ ਅਤੇ ਆਰਥਿਕ ਤੰਗੀ ਤੋਂ ਛੁਟਕਾਰਾ ਮਿਲ ਜਾਵੇਗਾ।

ABOUT THE AUTHOR

...view details