ਗੁਰਦਾਸਪੁਰ:ਗੁਰਦਾਸਪੁਰ ਪਹੁੰਚੇ ਵਿਰੋਧੀ ਧਿਰ ਦੇ ਵਿਧਾਇਕ ਤੇ ਕਾਦੀਆਂ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਗੁਰਦਾਸਪੁਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ 'ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਸਮਝਣ ਦੀ ਲੋੜ ਹੈ ਕਿ ਵਿਰੋਧੀ ਧਿਰ ਦੇ ਵਿਧਾਇਕ ਵੀ ਸਰਕਾਰ ਦੇ ਇਕ ਅਹਿਮ ਹਿੱਸਾ ਹੁੰਦੇ ਹਨ।
ਵਿਧਾਨਸਭਾ ਵਿੱਚ ਵੀ ਮੁੱਖ ਮੰਤਰੀ ਨਾਲ ਵਿਰੋਧੀ ਧਿਰ ਦੇ ਵਿਧਾਇਕ ਦੀ ਕੁਰਸੀ ਵੀ ਲੱਗੀ ਹੁੰਦੀ ਹੈ, ਪਰ ਕੁੱਝ ਦਿਨ ਪਹਿਲਾਂ ਉਹਨਾਂ ਵੱਲੋਂ ਵਿਕਾਸ ਦੇ ਮੁੱਦੇ ਨੂੰ ਲੈਕੇ ਧਾਰੀਵਾਲ ਵਿੱਚ ਜਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ ਗਈ ਸੀ। ਪਰ ਚੰਡੀਗੜ੍ਹ ਤੋਂ ਸੰਬੰਧਿਤ ਇਕ ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਨੇ ਸਰਕਾਰ ਨੂੰ ਕਹਿ ਕੇ ਅਧਿਕਾਰੀਆਂ ਨੂੰ ਉੱਥੇ ਆਉਣ ਤੋਂ ਰੋਕ ਦਿੱਤਾ ਜੋ ਕਿ ਬਿਲਕੁੱਲ ਗ਼ਲਤ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹ ਮਾਨਯੋਗ ਸਪੀਕਰ ਨੂੰ ਵੀ ਇਕ ਚਿੱਠੀ ਭੇਜ ਚੁੱਕੇ ਹਨ ਕਿ ਜਿਹਨਾਂ ਅਧਿਕਾਰੀਆਂ ਨੇ ਸੰਵਿਧਾਨਿਕ ਤੌਰ 'ਤੇ ਵਿਰੋਧੀ ਧਿਰ ਦੇ ਅਹੁਦੇ ਦੀ ਮਰਿਆਦਾ ਨੂੰ ਭੰਗ ਕੀਤਾ ਹੈ, ਉਹਨਾਂ ਅਧਿਕਾਰੀਆਂ ਨੂੰ ਪੁੱਛਗਿੱਛ ਕੀਤੀ ਜਾਵੇਗੀ।