ਗੁਰਦਾਸਪੁਰ: ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਨੇ ਆਪਸ 'ਚ ਗੱਲਬਾਤ ਕੀਤੀ। ਇਸ ਮੀਟਿੰਗ 'ਚ ਪਾਕਿਸਤਾਨ ਦੇ 12 ਅਧਿਕਾਰੀ ਤੇ ਭਾਰਤ ਦੇ ਕਰੀਬ ਡੇਢ ਦਰਜਨ ਲੋਕ ਸ਼ਾਮਿਲ ਹੋਏ। ਇਸ ਦੌਰਾਨ ਕਾਰੀਡੋਰ ਦੇ ਮੁੱਖ ਦਰਵਾਜ਼ੇ ਨੂੰ ਮਾਰਕ ਵੀ ਕੀਤਾ ਗਿਆ।
ਭਾਰਤ-ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਵਿਚਾਲੇ ਹੋਈ ਇਸ ਬੈਠਕ 'ਚ ਫੈਸਲਾ ਲਿਆ ਗਿਆ ਕਿ ਦੋਹਾਂ ਮੁਲਕਾਂ ਦੇ ਮਾਹਿਰ ਲਾਂਘੇ ਦੀ ਉਸਾਰੀ ਵਾਲੀ ਸਾਈਟ ਦਾ ਨਿਰੀਖਣ ਕਰਨਗੇ ਤੇ ਲਾਂਘੇ ਨੂੰ ਤਕਨੀਕੀ ਤੌਰ 'ਤੇ ਹੋਰ ਵਧੀਆ ਬਣਾਉਣ 'ਤੇ ਚਰਚਾ ਹੋਵੇਗੀ ਅਤੇ ਇਸ ਨਿਰੀਖਣ ਦੇ ਨਤੀਜਿਆਂ 'ਤੇ 2 ਅਪ੍ਰੈਲ ਵਾਲੀ ਮੀਟਿੰਗ 'ਚ ਚਰਚਾ ਕੀਤੀ ਜਾਵੇਗੀ।
ਦੱਸ ਦਈਏ ਕਿ 2 ਅਪ੍ਰੈਲ ਦੀ ਮੀਟਿੰਗ ਪਾਕਿਸਤਾਨ ਵਲੋਂ ਵਾਘਾ ਬਾਰਡਰ 'ਤੇ ਕੀਤੀ ਜਾ ਰਹੀ ਹੈ। ਇਸ ਬੈਠਕ 'ਚ ਲਾਂਘੇ ਦੀ ਉਸਾਰੀ ਦੌਰਾਨ ਤਕਨੀਕੀ ਤੇ ਇੰਜੀਨੀਅਰਿੰਗ ਦੇ ਮੁੱਦਿਆਂ 'ਤੇ ਚਰਚਾ ਹੋਵੇਗੀ। ਪਾਕਿਸਤਾਨ ਦਾ ਦਾਅਵਾ ਹੈ ਕਿ ਉਨ੍ਹਾਂ ਵਲੋਂ ਉਸਾਰੀ ਦਾ ਕੰਮ 31 ਅਗਸਤ ਤੱਕ ਪੂਰਾ ਕਰ ਲਿਆ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ, ਬੀਤੇ ਦਿਨ ਤੋਂ ਡੇਰਾ ਬਾਬਾ ਨਾਨਕ ਦੇ ਪਿੰਡ ਪਖੋਕੇ ਟਾਹਲੀ ਸਾਹਿਬ ਤੋਂ ਕਾਰੀਡੋਰ ਦਾ ਉਸਾਰੀ ਕੰਮ ਸ਼ੁਰੂ ਹੋ ਗਿਆ ਹੈ।
ਉਸਾਰੀ ਤਾਂ ਸ਼ੁਰੂ ਹੋ ਗਈ ਹੈ ਪਰ ਪਿਛਲੇ ਦਿਨੀ ਭਾਰਤ-ਪਾਕਿਸਤਾਨ ਦੀ ਮੀਟਿੰਗ ਦੌਰਾਨ ਪਾਕਿਸਤਾਨ ਨੇ ਭਾਰਤ ਦੀਆਂ ਕਈ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਸਿਰਫ਼ ਸਿੱਖ ਸ਼ਰਧਾਲੂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ ਤੇ ਇਨ੍ਹਾਂ ਸ਼ਰਧਾਲੂਆਂ ਦੀ ਗਿਣਤੀ 500/ਦਿਨ ਤੱਕ ਹੀ ਸੀਮਤ ਹੋਵੇਗੀ। ਜਦੋਂਕਿ ਭਾਰਤ ਨੇ 5000 ਯਾਤਰੀ/ਦਿਨ ਤੇ ਖਾਸ ਮੌਕਿਆਂ 'ਤੇ 15000 ਯਾਤਰੀ/ਦਿਨ ਦੀ ਮੰਗ ਕੀਤੀ ਸੀ। ਇਸਦੇ ਨਾਲ ਹੀ ਪਾਕਿ ਨੇ ਵਿਸ਼ੇਸ਼ ਵੀਜ਼ਾ ਤੇ ਵੀਜ਼ਾ ਫੀਸ ਵਸੂਲਣ ਦੀ ਗੱਲ ਵੀ ਕਹੀ ਹੈ।
ਇਹੀ ਨਹੀਂ ਭਾਰਤ ਚਾਹੁੰਦਾ ਹੈ ਕਿ ਕੋਈ ਵੀ ਸ਼ਰਧਾਲੂ ਗੱਡੀ ਜਾਂ ਪੈਦਲ ਕਿਸੇ ਵੀ ਤਰ੍ਹਾਂ ਨਾਲ ਦਰਸ਼ਨਾਂ ਲਈ ਜਾ ਸਕਦੇ ਹਨ, ਪਰ ਪਾਕਿ ਦਾ ਕਹਿਣਾ ਹੈ ਕਿ ਦਰਸ਼ਨਾਂ ਲਈ ਸਿਰਫ਼ ਗੱਡੀ ਰਾਹੀਂ ਹੀ ਪਹੁੰਚਿਆ ਜਾ ਸਕੇਗਾ।
ਦੱਸਣਯੋਗ ਹੈ ਕਿ ਕਰਤਾਰਪੁਰ ਲਈ ਮਹਾਰਾਜਾ ਰਣਜੀਤ ਸਿੰਘ ਸਮੇਤ ਕਈ ਹੋਰਨਾਂ ਸ਼ਰਧਾਲੂਆਂ ਨੇ 100 ਏਕੜ ਜ਼ਮੀਨ ਦਾਨ ਦਿੱਤੀ ਸੀ, ਪਰ ਪਾਕਿਸਤਾਨ ਇਸ ਜ਼ਮੀਨ ਦਾ ਇਸਤੇਮਾਲ ਆਪਣੇ ਲਈ ਕਰ ਰਿਹਾ ਹੈ। ਭਾਰਤ ਚਾਹੁੰਦਾ ਹੈ ਕਿ 100 ਏਕੜ ਜ਼ਮੀਨ ਨੂੰ ਕਰਤਾਰਪੁਰ ਸਾਹਿਬ ਟਰੱਸਟ'ਚ ਰੱਖਿਆ ਜਾਵੇ, ਪਰ ਪਾਕਿ ਨੇ ਇਸ ਗੱਲ ਨੂੰ ਮੰਨਣ ਤੋਂ ਵੀ ਕੋਰੀ ਨਾਂਹ ਕਰ ਦਿੱਤੀ ਹੈ।