ਗੁਰਦਾਸਪੁਰ: ਅੱਜ ਦੂਜੇ ਗੇੜ ਵਿੱਚ ਦੋ ਬੱਸਾਂ ਰਾਹੀਂ 51 ਹੋਰ ਪ੍ਰਵਾਸੀ ਮਜ਼ਦੂਰਾਂ ਨੂੰ ਪਿੱਤਰੀ ਸੂਬਿਆਂ ਵੱਲ ਰਵਾਨਾ ਕੀਤਾ ਗਿਆ ਹੈ, ਜਿਸ ਵਿੱਚ 44 ਲੋਕ ਗੁਰਦਾਸਪੁਰ ਅਤੇ 11 ਲੋਕ ਬਟਾਲਾ ਤੋਂ ਭੇਜੇ ਗਏ ਹਨ।
ਗੁਰਦਾਸਪੁਰ ਤੋਂ ਪਨ ਬੱਸਾਂ ਵਿੱਚ ਸਵਾਰ ਹੋ ਕੇ ਜਾਣ ਵਾਲੇ ਸਾਰੇ ਪ੍ਰਵਾਸੀ ਉੱਤਰ ਪ੍ਰਦੇਸ਼ ਸਥਿਤ ਅੰਬੇਡਕਰ ਨਗਰ ਅਤੇ ਆਸ ਪਾਸ ਖੇਤਰਾਂ ਦੇ ਦੱਸੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨੂੰ ਭੇਜਣ ਤੋਂ ਪਹਿਲਾਂ ਲੋੜੀਂਦੀ ਮੈਡੀਕਲ ਜਾਂਚ ਅਤੇ ਰਸਤੇ ਵਿੱਚ ਖਾਣ ਲਈ ਭੋਜਨ ਵੀ ਮੁਹੱਈਆ ਕਰਵਾਇਆ ਗਿਆ। ਆਪਣੇ ਘਰ ਵੱਲ ਪਰਤ ਰਹੇ ਇਨ੍ਹਾਂ ਮਜ਼ਦੂਰਾਂ ਨੇ ਪੰਜਾਬ ਰਹਿਣ ਦੌਰਾਨ ਕਾਫ਼ੀ ਪਿਆਰ ਮਿਲਣ ਦਾ ਦਾਅਵਾ ਕੀਤਾ।
ਇਨ੍ਹਾਂ ਮਜ਼ਦੂਰਾਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਸਥਿਤ ਅੰਬੇਡਕਰ ਨਗਰ ਅਤੇ ਆਸ ਪਾਸ ਖੇਤਰਾਂ ਦੇ ਵਸਨੀਕ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਖੇ ਰਹਿ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਸਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਤੋਂ ਲਾਗੂ ਹੋਏ ਲੌਕਡਾਊਨ ਕਾਰਨ ਜਿੱਥੇ ਉਨ੍ਹਾਂ ਦੇ ਸਾਰੇ ਕਮਾਈ ਦੇ ਸਾਧਨ ਬੰਦ ਹੋ ਚੁੱਕੇ ਹਨ। ਉੱਥੇ ਹੀ ਕਮਾਈ ਨਾ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਵੀ ਆਰਥਿਕ ਮੰਦੀ ਅਤੇ ਪੰਜਾਬ ਵਿੱਚ ਫਸੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਫ਼ਿਕਰ ਕਰ ਰਹੇ ਹਨ। ਪ੍ਰਵਾਸੀਆਂ ਨੇ ਦੱਸਿਆ ਕਿ ਉਹ ਕੁਝ-ਕੁਝ ਸਮੇਂ ਲਈ ਆਪਣੇ ਘਰ ਵਾਪਸ ਜਾ ਰਹੇ ਹਨ ਅਤੇ ਮਾਹੌਲ ਠੀਕ ਹੁੰਦਿਆਂ ਹੀ ਵਾਪਸ ਪਰਤ ਆਉਣਗੇ।