ਗੁਰਦਾਸਪੁਰ : ਇਸ ਸਾਲ ਵਿੱਚ ਗੁਰਦਾਸਪੁਰ ਜ਼ਿਲ੍ਹੇ ਨੂੰ ਜੇ ਕੋਈ ਵੱਡੀ ਦੇਣ ਮਿਲੀ ਹੈ ਤਾਂ ਉਹ ਹੈ ਪਾਕਿਸਤਾਨ ਕਾਰਤਾਪੁਰ ਸਾਹਿਬ ਦੇ ਖੋਲ੍ਹੇ ਦਰਸ਼ਨ-ਦੀਦਾਰੇ।
ਦੱਸ ਦੇਈਏ ਕਿ 26 ਨਵੰਬਰ 2018 ਨੂੰ ਦੇਸ਼ ਦੇ ਉਪ-ਰਾਸ਼ਟਰਪਤੀ ਵੈਂਕਿਇਆਂ ਨਾਇਡੂ ਵੱਲੋਂ ਇਸ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਇਸ ਲਾਂਘੇ ਨੂੰ ਲੈ ਕੇ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਵਿੱਚ ਕੁੱਲ 5 ਮੀਟਿੰਗਾਂ ਹੋਇਆ। ਜਿਸ ਵਿੱਚੋਂ 2 ਅੰਮ੍ਰਿਤਸਰ ਦੇ ਬਾਘਾ ਬਾਰਡਰ ਅਤੇ 3 ਮੀਟਿੰਗਾਂ ਕਰਤਾਰਪੁਰ ਲਾਂਘਾ ਜ਼ੀਰੋ ਲਾਈਨ ਉੱਤੇ ਹੋਈਆਂ।
ਆਖ਼ਰੀ ਮੀਟਿੰਗ 24 ਅਕਤੂਬਰ 2019 ਨੂੰ ਹੋਈ ਜਿਸ ਵਿੱਚ ਕਰਤਾਰਪੁਰ ਲਾਂਘੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿੱਚ ਸਮਝੌਤਾ ਹੋਇਆ ਅਤੇ 9 ਨਵੰਬਰ 2019 ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਕਰਤਾਰਪੁਰ ਲਾਂਘੇ ਦਾ ਰਸਮੀ ਤੌਰ ਉੱਤੇ ਉਦਘਾਟਨ ਕੀਤਾ ਗਿਆ ਅਤੇ 550 ਸ਼ਰਧਾਲੂਆਂ ਦਾ ਪਹਿਲਾ ਜੱਥਾ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ ਗਿਆ ਜਿਸ ਵਿੱਚ ਵਿਧਾਇਕ ਅਤੇ ਮੰਤਰੀ ਹੀ ਪਾਕਿਸਤਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ। ਇਸ ਮੌਕੇ ਉੱਤੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਮਾਗਮ ਵੀ ਕਰਵਾਏ ਗਏ।
ਤੁਹਾਨੂੰ ਦੱਸ ਦਈਏ ਕਿ ਇਸ ਲਾਂਘੇ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਵਲੋਂ ਰਾਜਨੀਤੀ ਵੀ ਖ਼ੂਬ ਕੀਤੀ ਗਈ ਅਤੇ ਰਾਜਨੀਤਿਕ ਪਾਰਟੀਆਂ ਵਿੱਚ ਕਰੈਡਿਟ-ਵਾਰ ਵੀ ਮੀਡੀਆ ਸੁੱਰਖੀਆਂ ਵਿੱਚ ਰਹੀ ਅਤੇ ਸੰਗਤਾਂ ਵਲੋਂ ਪਾਸਪੋਰਟ ਦੀ ਸ਼ਰਤ ਨੂੰ ਹਟਾਉਣ ਲਈ ਕੇਂਦਰ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਗਈ। ਪਰ ਸੰਗਤਾਂ ਲਈ ਅਜੇ ਵੀ ਪਾਸਪੋਰਟ ਦੀ ਸ਼ਰਤ ਲਾਗੂ ਹੈ।
ਕਰਤਾਰਪੁਰ ਲਾਂਘੇ ਦੇ ਜੋ ਸ਼ਰਧਾਲੂ ਦਰਸ਼ਨ ਕਰਨ ਲਈ ਪਾਕਿਸਤਾਨ ਜਾਣਾ ਚਾਹੁੰਦੇ ਹਨ, ਉਹਨਾਂ ਲਈ ਪਾਸਪੋਰਟ ਜਰੂਰੀ ਹੈ। ਸੰਗਤਾਂ ਹਰ-ਰੋਜ਼ ਕਰਤਾਰਪੁਰ ਲਾਂਘੇ ਦੇ ਦਰਸ਼ਨ ਕਰਨ ਲਈ ਜਾ ਰਹੀਆਂ ਹਨ ਜਿਹਨਾਂ ਕੋਲ ਪਾਸਪੋਰਟ ਨਹੀਂ ਹੈ ਉਹਨਾਂ ਲਈ ਦੂਰਬੀਨ ਦਰਸ਼ਨ ਕਰਨ ਲਈ ਦਰਸ਼ਨੀ ਸਥੱਲ ਬਣਿਆ ਹੋਇਆ ਹੈ ਤਾਂ ਜੋ ਸੰਗਤ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।