ਪੰਜਾਬ

punjab

ETV Bharat / state

'ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਦੀ ਦਿਖ ਛੇਤੀ ਹੀ ਬਦਲੇਗੀ'

ਗੁਰਦਾਸਪੁਰ ਵਿੱਚ ਸਥਿਤ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਵਿਕਾਸ ਕਾਰਜਾਂ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ।

ਸਿਵਲ ਹਸਪਤਾਲ ਬਟਾਲਾ
ਸਿਵਲ ਹਸਪਤਾਲ ਬਟਾਲਾ

By

Published : Jan 23, 2020, 8:29 PM IST

ਗੁਰਦਾਸਪੁਰ: ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਵਿਕਾਸ ਕਾਰਜਾਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਇਸ ਬਾਰੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਹਸਪਤਾਲ ਬਟਾਲਾ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ 3.13 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਇਸ ਗ੍ਰਾਂਟ ਨਾਲ ਹਸਪਤਾਲ ਦੀ ਚਾਰਦਿਵਾਰੀ ਅਤੇ ਗੇਟ ਬਣਾਇਆ ਜਾ ਰਿਹਾ ਹੈ, ਜਿਸ ਦਾ ਕੰਮ ਪ੍ਰਗਤੀ ਅਧੀਨ ਹੈ। ਚੇਅਰਮੈਨ ਅਮਰਦੀਪ ਸਿੰਘ ਨੇ ਦੱਸਿਆ ਸਿਵਲ ਹਸਪਤਾਲ ਵਿੱਚ ਇੱਕ ਨਵਾਂ ਫਿਜੀਓਥਰੈਪੀ ਸੈਂਟਰ ਵੀ ਬਣਾਇਆ ਜਾ ਰਿਹਾ ਹੈ, ਤਾਂ ਜੋ ਹੱਡੀਆਂ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਹੋਰ ਵੀ ਵਧੀਆ ਤਕਨੀਕਾਂ ਨਾਲ ਹੋ ਸਕੇ।

ਚੇਅਰਮੈਨ ਚੀਮਾ ਨੇ ਦੱਸਿਆ ਕਿ ਇਸ ਗ੍ਰਾਂਟ ਦੇ ਨਾਲ ਓਟ ਸੈਂਟਰ ਦੀ ਇਮਾਰਤ ਵਿੱਚ ਵੀ ਸੁਧਾਰ ਕੀਤਾ ਜਾ ਰਿਹਾ ਹੈ, ਤੇ ਹਸਪਤਾਲ ਦੇ ਕੰਪਲੈਕਸ ਵਿੱਚ ਹੀ ਇੱਕ ਨਵਾਂ ਰੈਣ ਬਸੇਰਾ ਬਣਾਇਆ ਜਾਵੇਗਾ, ਜਿੱਥੇ ਮਰੀਜਾਂ ਦੇ ਨਾਲ ਆਏ ਅਟੈਂਡੇਂਟ ਰਾਤ ਗੁਜ਼ਾਰ ਸਕਣਗੇ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਮੋਰਚਰੀ ਦੀ ਹਾਲਤ ਸੁਧਾਰ ਦੇ ਨਾਲ ਇਸਦਾ ਵਿਸਥਾਰ ਵੀ ਕੀਤਾ ਜਾ ਰਿਹਾ ਹੈ।

ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਹਸਪਤਾਲ ਵਿੱਚ ਸੀਵਰੇਜ ਦੀ ਰੈਨੋਵੇਸ਼ਨ ਕੀਤੀ ਜਾ ਰਹੀ ਹੈ, ਤਾਂ ਜੋ ਪਾਣੀ ਦਾ ਨਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਾਰਡਾਂ ਦੇ ਫਲੋਰ ਦੀ ਮੁਰੰਮਤ ਵੀ ਕੀਤੀ ਜਾ ਰਹੀ ਹੈ। ਚੀਮਾ ਨੇ ਦੱਸਿਆ ਕਿ ਹਸਪਤਾਲ ਵਿੱਚ 9 ਪ੍ਰਾਈਵੇਟ ਕਮਰਿਆਂ ਦੀ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਬਦੌਲਤ ਸਿਵਲ ਹਸਪਤਾਲ ਬਟਾਲਾ ਦੀ ਕਾਇਆ ਕਲਪ ਹੋ ਜਾਵੇਗੀ। ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਦੇ ਖੇਤਰ ਵਿੱਚ ਸੁਧਾਰ ਲਿਆਉਣ ਆਪਣੇ ਪੂਰੇ ਯਤਨ ਕਰ ਰਹੀ ਹੈ ਤੇ ਉਸਦੇ ਸਾਰਥਿਕ ਨਤੀਜੇ ਸਾਹਮਣੇ ਦਿਖ ਰਹੇ ਹਨ।

ABOUT THE AUTHOR

...view details