ਫ਼ਿਰੋਜ਼ਪੁਰ: ਅਗਲੇ ਮਹੀਨੇ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਵੱਖ-ਵੱਖ ਸ਼ਹਿਰਾਂ 'ਚ ਪਾਰਟੀ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਅੱਜ ਉਹ ਗੁਰੂਹਰਸਹਾਏ ਵਿਖੇ ਪਹੁੰਚੇ ਹਨ ਅਤੇ ਵਰਕਰਾਂ ਦੇ ਨਾਲ ਰੂਬਰੂ ਹੋਏ ਹਨ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਵਰਕਰਾਂ ਨੂੰ ਲਾਮਬੱਧ ਕੀਤਾ ਹੈ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਹੁਣੀ ਪਤਾ ਲਗਾ ਹੈ ਕਿ ਹਰਿਆਣਾ ਸੂਬੇ ਵਿੱਚ ਹਰਿਆਣਾ ਦੀ ਸਰਕਾਰ ਨੇ ਕਿਸਾਨਾਂ ਉੱਤੇ ਲਾਠੀਚਾਰਜ ਤੇ ਉਨ੍ਹਾਂ ਦੇ ਉੱਤੇ ਅੱਥਰੂ ਗੈੱਸ ਦੇ ਗੋਲੇ ਛੱਡੇ ਹਨ। ਜਿਸ ਦੀ ਮੈਂ ਪੂਰੀ ਨਿਖੇਧੀ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੋ ਹਰਿਆਣਾ ਵਿੱਚ ਕਿਸਾਨਾਂ ਨਾਲ ਹੋਇਆ ਹੈ ਉਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਭਾਜਪਾ ਸਰਕਾਰ ਦੀ ਨੀਤੀ ਕੀ ਹੈ। ਉਨ੍ਹਾਂ ਦੀ ਨੀਤੀ ਮਾਮਲੇ ਨੂੰ ਹੱਲ ਕਰਨ ਦੀ ਨਹੀਂ ਹੈ ਨੀਤੀ ਧੱਕਾ ਕਰਨ ਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀਐਮ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ।