ਫਿਰੋਜ਼ਪੁਰ: ਸਫ਼ਾਈ ਕਾਮਿਆਂ ਵੱਲੋਂ ਲੰਬੇ ਸਮੇਂ ਤੋਂ ਹੜਤਾਲ ਕੀਤੀ ਜਾ ਰਹੀ ਹੈ, ਇਸ ਦੇ ਚੱਲਦਿਆਂ ਜ਼ੀਰਾ ਸ਼ਹਿਰ 'ਚ ਕੂੜੇ ਦੇ ਢੇਰ ਜਗ੍ਹਾ-ਜਗ੍ਹਾ ਦਿਖਾਈ ਦੇ ਰਹੇ ਹਨ। ਜਦਕਿ ਨਗਰ ਕੌਂਸਲ ਜ਼ੀਰਾ ਕੋਲ ਪਹਿਲਾਂ ਵੀ ਕੂੜਾ ਸੁੱਟਣ ਲਈ ਕੋਈ ਡੰਪ ਨਹੀਂ ਸੀ। ਹੁਣ ਨਗਰ ਕੌਂਸ਼ਲ ਵਲੋਂ ਇਸ ਕੂੜੇ ਦੇ ਡੰਪ ਲਈ ਪਿੰਡ ਨਵਾਂ ਜ਼ੀਰਾ ਦੀ ਪੰਚਾਇਤੀ ਜ਼ਮੀਨ ਨੂੰ ਲੀਜ 'ਤੇ ਲਿਆ ਗਿਆ ਹੈ ਪਰ ਸਥਾਨਕ ਲੋਕਾਂ ਵਲੋਂ ਇਸ ਦੀ ਵਿਰੋਧਤਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਅਤੇਂ ਮੌਜੂਦਾ ਪੰਚਾਇਤ ਮੈਂਬਰਾਂ ਦਾ ਕਹਿਣਾ ਕਿ ਕੂੜੇ ਦਾ ਇਹ ਡੰਪ ਨਜਾਇਜ਼ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ 'ਚ ਕਿਸੇ ਵੀ ਪੰਚਾਇਤ ਮੈਂਬਰ ਦੀ ਸਲਾਹ ਨਹੀਂ ਲਈ ਗਈ। ਇਸ ਦੇ ਨਾਲ ਹੀ ਡੰਪ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਦਾ ਕਹਿਣਾ ਕਿ ਇਸ ਨਾਲ ਬਿਮਾਰੀਆਂ ਪੈਦਾ ਹੋਣਗੀਆਂ। ਉਨ੍ਹਾਂ ਦਾ ਕਹਿਣਾ ਕਿ ਘਰ ਦੇ ਨਜ਼ਦੀਕ ਡੰਪ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈਣਗੀਆਂ।