ਫਿਰੋਜ਼ਪੁਰ ਵਿੱਚ ਰੰਜਿਸ਼ ਤਹਿਤ ਚੱਲੀ ਗੋਲੀ ਫਿਰੋਜ਼ਪੁਰ: ਜ਼ਿਲ੍ਹੇ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਫਿਰੋਜ਼ਪੁਰ ਦੀ ਬਸਤੀ ਬਾਵਰੀਆ ਵਾਲੀ ਤੋਂ ਸਾਹਮਣੇ ਆਇਆ ਹੈ। ਇੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਗਗਨਦੀਪ ਸਿੰਘ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ। ਜਖ਼ਮੀ ਨੌਜਵਾਨ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।
ਰੰਜਿਸ਼ ਦੇ ਚੱਲਦਿਆਂ ਚੱਲੀ ਗੋਲੀ: ਫਿਰੋਜ਼ਪੁਰ ਦੀ ਬਸਤੀ ਬਾਵਰੀਆ ਵਾਲੀ ਵਿੱਚ ਦੇਰ ਰਾਤ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਖ਼ਮੀ ਨੌਜਵਾਨ ਦੇ ਭਰਾ ਸੇਵਕ ਸਿੰਘ ਨੇ ਦੱਸਿਆ ਕਿ ਇਹ ਗੋਲੀ ਰੰਜਿਸ਼ ਦੇ ਤਹਿਤ ਚਲਾਈ ਗਈ ਹੈ। ਕੁੱਝ ਸਮਾਂ ਪਹਿਲਾਂ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਅਤੇ ਹੁਣ ਗੋਲੀ ਮਾਰੀ ਗਈ ਹੈ। ਸੇਵਕ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨਾਂ ਵਲੋਂ ਪਹਿਲਾਂ ਕਤਲ ਕੀਤਾ ਗਿਆ ਜਿਸ ਦਾ ਗਗਨਦੀਪ ਗਵਾਹ ਹੈ, ਇਸ ਲਈ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੇ ਕਿਹਾ ਕਈ ਰਾਊਂਡ ਫਾਇਰ ਕੀਤੇ ਗਏ ਜਿਸ ਚੋ ਇੱਕ ਗੋਲੀ ਗਗਨਦੀਪ ਨੂੰ ਲੱਗੀ।
ਇਨਸਾਫ਼ ਦੀ ਮੰਗ : ਜਖ਼ਮੀ ਨੌਜਵਾਨ ਗਗਨਦੀਪ ਸਿੰਘ ਦੇ ਭਰਾ ਸੇਵਕ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ ਅਤੇ ਬਾਅਦ ਵਿੱਚ ਉਸ ਦੇ ਭਰਾ ਉੱਤੇ ਗੋਲੀ ਚਲਾਈ ਗਈ ਹੈ। ਗੋਲੀ ਉਸ ਦੇ ਪੱਟ ਵਿੱਚ ਲੱਗੀ ਹੈ। ਇਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਗੋਲੀ ਚਲਾਉਣ ਵਾਲੇ ਲੋਕਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।
ਜਖ਼ਮੀ ਹਸਪਤਾਲ 'ਚ ਜ਼ੇਰੇ ਇਲਾਜ : ਦੂਜੇ ਪਾਸੇ, ਇਸ ਸਬੰਧੀ ਜਦੋਂ ਡਾਕਟਰ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਉਨ੍ਹਾਂ ਕੋਲ ਇੱਕ ਨੌਜਵਾਨ ਗਗਨਦੀਪ ਸਿੰਘ ਨੂੰ ਲਿਆਂਦਾ ਗਿਆ ਹੈ ਜਿਸ ਦੇ ਪੱਟ ਵਿੱਚ ਗੋਲੀ ਲੱਗੀ ਹੈ। ਉਸ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ ਹੈ। ਜਦੋਂ ਇਸ ਘਟਨਾ ਨੂੰ ਲੈਕੇ ਥਾਣਾ ਸਿਟੀ ਦੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਪੁਲਿਸ ਮੀਡੀਆ ਤੋਂ ਦੂਰੀ ਬਣਾਉਂਦੀ ਨਜ਼ਰ ਆਈ ਅਤੇ ਬਹਾਨਾ ਬਣਾ ਮੌਕੇ ਤੋਂ ਚੱਲਦੀ ਬਣੀ। ਦੱਸ ਦਈਏ ਕਿ ਗੋਲੀ ਚੱਲਣ ਦੀ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ। ਲਗਾਤਾਰ ਫਿਰੋਜ਼ਪੁਰ ਵਿੱਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।