ਫ਼ਿਰੋਜ਼ਪੁਰ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਦੌਰਾਨ ਫਿਰੋਜ਼ਪੁਰ ਹੁਸੈਨੀਵਾਲਾ ਬਾਰਡਰ 'ਤੇ ਜਾਂਦੇ ਸਮੇਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿੱਲ ਪਾਸ ਕਰਨ ਅਤੇ ਉਸ ਉਪਰੰਤ ਰਾਸ਼ਟਰਪਤੀ ਵੱਲੋਂ ਵੀ ਉਨ੍ਹਾਂ ਨੂੰ ਪਾਸ ਕਰਨ 'ਤੇ ਰੋਸ ਮੁਜ਼ਾਹਰਾ ਵੀ ਕੀਤਾ ਗਿਆ।
'ਸ਼ਹੀਦ ਭਗਤ ਸਿੰਘ ਦੇ ਨਕਸ਼ੇ ਕਦਮ 'ਤੇ ਚੱਲਣ ਦਾ ਸਮਾਂ ਆ ਗਿਆ' ਇਸ ਮੌਕੇ ਦਿਲਬਾਗ ਸਿੰਘ ਕ੍ਰਾਂਤੀਕਾਰੀ ਯੂਨੀਅਨ ਪ੍ਰਧਾਨ ਤੇ ਪਰਮਜੀਤ ਸਿੰਘ ਕ੍ਰਾਂਤੀਕਾਰੀ ਯੂਨੀਅਨ ਸਕੱਤਰ ਨੇ ਕਿਹਾ ਕਿ ਜੋ ਸ਼ਹੀਦ ਭਗਤ ਸਿੰਘ ਨੇ ਕਿਸਾਨ ਮਜ਼ਦੂਰਾਂ ਤੇ ਮਜ਼ਲੂਮਾਂ ਦੇ ਹੱਕਾਂ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਸੀ ਉਸ ਨੂੰ ਅਸੀਂ ਮੁੜ ਕਰਨ ਜਾ ਰਹੇ ਹਾਂ।
ਜਿਸ ਤਰ੍ਹਾਂ ਗੋਰਿਆਂ ਵੱਲੋਂ ਭਾਰਤ ਗੁਲਾਮ ਕੀਤਾ ਹੋਇਆ ਸੀ ਹੁਣ ਇਨ੍ਹਾਂ ਹਾਕਮ ਕੁਰਸੀਆਂ 'ਤੇ ਬੈਠੇ ਕਾਲੀ ਸੋਚ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਟੀਮ ਵੱਲੋਂ ਕਿਸਾਨਾਂ ਨੂੰ ਮਾਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਉੱਚ ਘਰਾਣਿਆਂ ਦੇ ਹੱਥ ਵੇਚਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਰਤਾਅ ਕਰ ਰਿਹਾ ਹੈ ਜਿਵੇਂ ਕਿ ਪੰਜਾਬ ਭਾਰਤ ਦਾ ਹਿੱਸਾ ਨਾ ਹੋਵੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੇ ਇਸ ਕਾਲੇ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾਂਦਾ ਜਾਂ ਇਸ ਵਿੱਚ ਸੋਧ ਨਹੀਂ ਕੀਤੀ ਜਾਂਦੀ ਤਾਂ ਸੰਘਰਸ਼ ਹੋਰ ਤੇਜ਼ ਕੀਤੇ ਜਾਣਗੇ ਤੇ ਸਰਕਾਰ ਦੀ ਇੱਟ ਨਾਲ ਇੱਟ ਵਜਾ ਦਿੱਤੀ ਜਾਵੇਗੀ।