ਫਿਰੋਜ਼ਪੁਰ:ਪੰਜਾਬ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਹੁਣ ਫਿਰੋਜ਼ਪੁਰ ਕੈਂਟ ਦੇ ਬਾਜੇ ਵਾਲਾ ਚੌਂਕ 'ਤੇ ਮੋਟਰਸਾਈਕਲ ਸਵਾਰ ਤਿੰਨ ਹਮਲਾਵਰਾਂ ਨੇ ਔਰਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਔਰਤ ਦੇ ਹੱਥ, ਸਿਰ ਅਤੇ ਪੇਟ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ। ਇਸ ਹਮਲੇ ਵਿੱਚ ਮਹਿਲਾ ਗੰਭੀਰ ਜ਼ਖ਼ਮੀ ਹੋਈ ਹੈ ਅਤੇ ਉਸ ਨੂੰ ਸਿਵਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।
ਕਈ ਥਾਈਂ ਕੱਟ ਲੱਗੇ: ਦੂਜੇ ਪਾਸੇ ਮਹਿਲਾ ਨੂੰ ਸਥਾਨਕ ਸਰਕਾਰੀ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਅਤੇ ਇਲਾਜ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਮਹਿਲਾ ਦੇ ਸ਼ਰੀਰ ਉੱਤੇ ਕਈ ਥਾਈਂ ਕੱਟ ਲੱਗੇ ਹੋਏ ਸਨ ਅਤੇ ਉਨ੍ਹਾਂ ਨੇ ਸੁਵਿਧਾ ਮੁਤਾਬਿਕ ਮਹਿਲਾ ਦਾ ਇਲਾਜ ਕੀਤਾ। ਉਨ੍ਹਾਂ ਕਿਹਾ ਮਹਿਲਾ ਦੀਆਂ ਸੱਟਾਂ ਜ਼ਿਆਦਾ ਗੰਭੀਰ ਹੋਣ ਕਰਕੇ ਮਹਿਲਾ ਨੂੰ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ।
ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ:ਦੂਜੇ ਪਾਸੇ ਮੌਕੇ ਉੱਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇੱਕ ਮਹਿਲਾ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਇਸ ਜਾਨਲੇਵਾ ਹਮਲੇ ਦੀ ਕੋਸ਼ਿਸ਼ ਦੇ ਕਾਰਣਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਵੱਖ ਵੱਖ ਪੁਲਿਸ ਪਾਰਟੀਆਂ ਹਮਲਾਵਰਾਂ ਦੀ ਭਾਲ ਪੂਰੀ ਸ਼ਿੱਦਤ ਨਾਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀਆਂ ਮੌਕੇ ਉੱਤੇ ਪਹੁੰਚ ਗਈਆਂ ਸਨ ਅਤੇ ਮਹਿਲਾ ਨੂੰ ਜ਼ਖ਼ਮੀ ਹਾਲਤ ਵਿੱਚ ਪੁਲਿਸ ਵੱਲੋਂ ਹੀ ਹਸਪਤਾਲ ਲਿਆਂਦਾ ਗਿਆ।