ਫ਼ਾਜ਼ਿਲਕਾ: ਬਿਜਲੀ ਬੋਰਡ ਦੀ ਕਾਰਜਪ੍ਰਣਾਲੀ ਮੁੜ ਤੋਂ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਜ਼ਿਲ੍ਹੇ ਦੇ ਪਿੰਡ ਕੋਠਾ ਠੱਗਣੀ ਵਿੱਚ ਮੰਗਲ ਸਿੰਘ ਨਾਂਅ ਦੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੰਗਲ ਸਿੰਘ ਖੇਤ ਗਿਆ ਸੀ, ਜਿਥੇ ਟੁੱਟੀ ਤਾਰ ਤੋਂ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਨੇ ਉਕਤ ਵਿਅਕਤੀ ਦੀ ਮੌਤ ਲਈ ਬਿਜਲੀ ਬੋਰਡ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ ।
ਮ੍ਰਿਤਕ ਦੇ ਚਾਚਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਬਿਜਲੀ ਮਹਿਕਮੇ ਦੀ ਅਣਗਹਿਲੀ ਕਾਰਨ ਉਨ੍ਹਾਂ ਦੇ ਜਵਾਨ ਭਤੀਜੇ ਦੀ ਮੌਤ ਹੋ ਗਈ ਹੈ। ਮੁਖਤਿਆਰ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਖੇਤ ਗਿਆ ਸੀ ਅਤੇ ਝੋਨੇ ਦੀ ਫਸਲ ਦੇ ਵਿੱਚ ਬਿਜਲੀ ਦੀ ਟੁੱਟੀ ਤਾਰ ਪਈ ਸੀ। ਝੋਨੇ ਦੀ ਫਸਲ ਕਾਰਨ ਉਸ ਨੂੰ ਤਾਰ ਨਹੀਂ ਦਿਖੀ ਅਤੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾਵੇ।