ਫਾਜ਼ਿਲਕਾ: ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੇ ਕੰਮ ਕਰਨ ਲਈ ਸਰਕਾਰੀ ਅਧਿਕਾਰੀਆਂ ਨੂੰ ਸਖ਼ਤ ਹਿਦਾਇਤਾਂ ਦਿੱਤੀਆ ਗਈਆਂ ਹਨ ਪਰ ਫਿਰ ਵੀ ਕੁੱਝ ਅਧਿਕਾਰੀਆਂ ਦੇ ਕੰਨ 'ਤੇ ਜੂੰ ਵੀ ਨਹੀ ਸਿਰਕਦੀ। ਅਜਿਹਾ ਹੀ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਵਿਧਾਇਕ ਨੇ ਮਾਰਕਿਟ ਅਤੇ ਮਿਊਸੀਪਲ ਕਮੇਟੀ ਦੇ ਦਫ਼ਤਰ ਦਾ ਦੌਰਾ ਕੀਤਾ ਤਾਂ ਉੱਥੇ ਅਧਿਕਾਰੀ ਕੁਰਸੀਆਂ ਤੋਂ ਗਾਇਬ ਮਿਲੇ।
ਦਰਅਸਲ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਅਧਿਕਾਰੀਆਂ ਦੇ ਦਫ਼ਤਰਾਂ 'ਚ ਚੱਕਰ ਲਗਾਉਣੇ ਪੈ ਰਹੇ ਹਨ ਅਤੇ ਜਦੋਂ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਧਿਆਨ ਵਿੱਚ ਇਹ ਗੱਲ ਆਈ ਤਾਂ ਉਨ੍ਹਾਂ ਫਾਜ਼ਿਲਕਾ ਦੀ ਮਾਰਕਿਟ ਕਮੇਟੀ ਅਤੇ ਮਿਊਸੀਪਲ ਕਮੇਟੀ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਚਿਤਾਵਨੀ ਦਿੱਤੀ।
ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਜਦੋਂ ਖੁਦ ਦਫ਼ਤਰ ਦਾ ਦੌਰਾ ਕੀਤਾ ਤਾਂ ਉੱਥੇ ਅਧਿਕਾਰੀ ਕੁਰਸੀਆਂ ਤੋਂ ਗਾਬਿਬ ਮਿਲੇ। ਕਈ ਦਫ਼ਤਰਾਂ ਨੂੰ ਤਾਲੇ ਲੱਗੇ ਸਨ ਤੇ ਕੁੱਝ ਖੁੱਲ੍ਹੇ ਸਨ। ਜਿਹੜੇ ਦਫ਼ਤਰ ਖੁੱਲ੍ਹੇ ਸਨ ਉੱਥੇ ਏ.ਸੀ ਤਾਂ ਚੱਲ ਰਹੇ ਸਨ ਪਰ ਅਧਿਕਾਰੀ ਕੁਰਸੀਆਂ ਤੋਂ ਗਾਇਬ ਸਨ। ਵਿਧਾਇਕ ਨੇ ਇਸ ਮਾਮਲੇ ਦੀ ਪੂਰੀ ਰਿਪੋਰਟ ਬਣਾ ਕੇ ਸਥਾਨਕ ਖਨਨ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਭੇਜ ਦਿੱਤੀ ਹੈ ਹੁਣ ਅੱਗੇ ਦੀ ਕਾਰਵਾਈ ਸਿੱਧੂ ਦੇ ਵਿਭਾਗ ਵੱਲੋਂ ਕੀਤੀ ਜਾਵੇਗੀ।
ਇਸ ਬਾਰੇ ਵਿੱਚ ਗੱਲਬਾਤ ਕਰਦਿਆਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ ਲੋਕਾਂ ਨੂੰ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਕਾਫ਼ੀ ਮੁਸ਼ਕਲਾਂ ਆ ਰਹੀਆ ਸਨ। ਉਨ੍ਹਾਂ ਮਾਰਕਿਟ ਕਮੇਟੀ ਅਤੇ ਮਿਊਸੀਪਲ ਕਮੇਟੀ 'ਚ ਅਧਿਕਾਰੀਆਂ ਨੂੰ ਫੋਨ ਕਰਕੇ ਚੇਤਾਇਆ ਵੀ ਕਿ ਲੋਕਾਂ ਦੇ ਕੰਮ ਕੀਤੇ ਜਾਣ ਨਹੀਂ ਤਾਂ ਉਹ ਖ਼ੁਦ ਆ ਕੇ ਚੈੱਕ ਕਰਨਗੇ ਪਰ ਉਨ੍ਹਾਂ ਵੱਲੋਂ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਵੀ ਦਫ਼ਤਰਾਂ ਵਿੱਚੋਂ ਅਧਿਕਾਰੀ ਗਾਇਬ ਸਨ।