ਅਬੋਹਰ: ਬੀਤੇ ਕੁਝ ਦਿਨ ਪਹਿਲਾਂ ਮਲੋਟ 'ਚ ਅਬੋਹਰ ਤੋਂ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਕੁੱਟਮਾਰ ਤੋਂ ਬਾਅਦ ਰੋਸ ਵਜੋਂ ਅਬੋਹਰ 'ਚ ਭਾਜਪਾ ਵੱਲੋਂ ਸ਼ਹਿਰ ਨੂੰ ਅੱਧੇ ਦਿਨ ਲਈ ਬੰਦ ਰੱਖਣ ਦੀ ਕਾਲ ਦਿੱਤੀ ਗਈ ਸੀ। ਭਾਜਪਾ ਦੇ ਸੱਦੇ ਤੋਂ ਬਾਅਦ ਜਿਥੇ ਅਬੋਹਰ ਸ਼ਹਿਰ ਵਾਸੀਆਂ ਵੱਲੋਂ ਦੁਕਾਨਾਂ ਬੰਦ ਰੱਖ ਕੇ ਸਮਰਥਨ ਦਿੱਤਾ ਗਿਆ, ਉਥੇ ਹੀ ਭਾਜਪਾ ਵਿਧਾਇਕ ਅਰੁਣ ਨਾਰੰਗ ਵਲੋਂ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਅਰੋੜਵੰਸ਼ ਧਰਮਸ਼ਾਲਾ 'ਤੇ ਇਕੱਠੇ ਹੋ ਕੇ ਪੂਰੇ ਸ਼ਹਿਰ 'ਚ ਰੋਸ਼ ਮਾਰਚ ਕੱਢਿਆ ਗਿਆ ਅਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਇਸ ਸਬੰਧੀ ਭਾਜਪਾ ਆਗੂਆਂ ਦਾ ਕਹਿਣਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਇਕ 'ਤੇ ਜਦੋਂ ਹਮਲਾ ਹੋ ਸਕਦਾ ਹੈ ਤਾਂ ਆਮ ਲੋਕ ਕਿੰਨੇ ਸੁਰੱਖਿਅਤ ਹੋਣਗੇ ਇਸਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ।