ਫਾਜ਼ਿਲਕਾ : ਅਬੋਹਰ ਦੇ ਪਿੰਡ ਰਾਮਸਰਾ 'ਚ ਇੱਕ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕਾ ਦੀ ਪਛਾਣ 25 ਸਾਲਾ ਕਮਲਾ ਦੇ ਤੌਰ 'ਤੇ ਹੋਈ ਹੈ। ਮ੍ਰਿਤਕਾ ਦੀ ਲਾਸ਼ ਨੂੰ ਹਨੁਮਾਨਗੜ੍ਹ ਵਿਖੇ ਇੱਕ ਫਾਰਮ ਨੇੜੇ ਬਰਾਮਦ ਕੀਤਾ ਗਿਆ ਸੀ। ਮ੍ਰਿਤਕਾ ਦੇ ਪਰਿਵਾਰ ਨੇ ਉਸ ਦੇ ਪਤੀ ਉੱਤੇ ਭਰਾ ਨਾਲ ਮਿਲ ਕੇ ਉਸਦਾ ਕਤਲ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ।
ਮ੍ਰਿਤਕਾ ਦੇ ਪਿਤਾ ਨੇ ਹਨੁਮਾਨਗੜ੍ਹ ਦੀ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਕਮਲਾ ਦਾ ਵਿਆਹ 3 ਸਾਲ ਪਹਿਲਾਂ ਪਿੰਡ ਰਾਮਸਰਾ ਨਿਵਾਸੀ ਵਕੀਲ ਸਿੰਘ ਬਾਜ਼ੀਗਰ ਦੇ ਨਾਲ ਹੋਇਆ ਸੀ। ਉਨ੍ਹਾਂ ਦੋਹਾਂ ਦਾ ਇੱਕ 8 ਮਹੀਨੇ ਦਾ ਪੁੱਤਰ ਵੀ ਹੈ। ਮੌਜੂਦਾ ਸਮੇਂ ਵਿੱਚ ਕਮਲਾ ਦਾ ਪਤੀ ਵਕੀਲ ਸਿੰਘ ਅਤੇ ਉਹ ਦੋਵੇਂ 2 ਮਹੀਨੇ ਪਹਿਲਾਂ ਹੀ ਦੁੱਧ ਵਾਲੀ ਢਾਣੀ 'ਚ ਰਹਿੰਦਾ ਹੈ। ਕਰੀਬ ਦੋ ਸਾਲਾਂ ਤੋਂ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਆਪਸੀ ਬਹਿਸ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ 24 ਅਕਤੂਬਰ ਦੀ ਰਾਤ ਨੂੰ ਵਕੀਲ ਸਿੰਘ ਅਤੇ ਉਸ ਦੇ ਭਰਾ ਨੇ ਕਮਲਾ ਨੂੰ ਬਾਈਕ ਪਿੰਡ ਤੋਂ ਦੂਰ ਇੱਕ ਫਾਰਮ ਕੋਲ ਗਲਾ ਘੋਟ ਕੇ ਮਾਰ ਦਿੱਤਾ ਅਤੇ ਉਸ ਦੀ ਲਾਸ਼ ਉੱਥੇ ਹੀ ਦੱਬ ਦਿੱਤੀ। ਦੀਵਾਲੀ ਵਾਲੇ ਦਿਨ ਜਦੋਂ ਉਹ ਬੇਟੀ ਨੂੰ ਮਿਲਣ ਹਨੁਮਾਨਗੜ੍ਹ ਪੁੱਜੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਬੇਟੀ, ਉਸ ਦਾ ਪਤੀ ਅਤੇ ਦਿਓਰ ਨਹੀਂ ਮਿਲੇ। ਸ਼ੱਕ ਹੋਣ 'ਤੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ : 550ਵੇਂ ਪ੍ਰਕਾਸ਼ ਪੁਰਬ 'ਤੇ ਸਮਾਜ ਸੇਵੀ ਜਾਨਵੀ ਬਹਿਲ ਨੇ ਪੰਛੀਆਂ ਨੂੰ ਵੀ ਆਜ਼ਾਦ ਕਰਵਾਉਣ ਲਈ ਮੁਹਿੰਮ ਚਲਾਈ
ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਅਨਿਲ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੇ ਦੌਰਾਨ ਇੱਕ ਫਾਰਮ ਦੇ ਨੇੜਿਓ ਮ੍ਰਿਤਕ ਕਮਲਾ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ। ਜਾਂਚ ਅਧਿਕਾਰੀ ਮੁਤਾਬਕ ਮ੍ਰਿਤਕਾ ਨੂੰ ਪਹਿਲਾਂ ਗਲਾ ਘੁੱਟ ਕੇ ਮਾਰਿਆ ਗਿਆ ਅਤੇ ਬਾਅਦ 'ਚ ਉਸ ਦੇ ਸਰੀਰ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਫ਼ਿਲਹਾਲ ਪੁਲਿਸ ਫ਼ਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।