ਫ਼ਾਜ਼ਿਲਕਾ/ਅਬੋਹਰ: ਮੋਦੀ ਸਰਕਾਰ ਵੱਲੋਂ 20 ਅਗਸਤ ਨੂੰ ਸਵੱਛ ਸਰਵੇਖਣ 2020 ਦੇ ਨਤੀਜੇ ਦਾ ਐਲਾਨ ਕੀਤਾ ਗਿਆ ਸੀ। ਮੱਧ ਪ੍ਰਦੇਸ਼ ਦਾ ਸ਼ਹਿਰ ਇੰਦੌਰ ਲਗਾਤਾਰ ਚੌਥੀ ਵਾਰ ਇਨ੍ਹਾਂ ਨਤੀਜਿਆਂ ਵਿੱਚ ਚੋਟੀ 'ਤੇ ਰਿਹਾ। ਜਲੰਧਰ ਦੀ ਫੌਜੀ ਛਾਉਣੀ ਪੂਰੇ ਦੇਸ਼ ਵਿੱਚ ਸਭ ਤੋਂ ਸਾਫ-ਸੁਥਰੀ ਛਾਉਣੀ ਵਜੋਂ ਦਰਜ ਹੋਈ ਹੈ, ਪਰ ਗੰਦੇ ਸ਼ਹਿਰਾਂ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਅਬੋਹਰ ਸ਼ਹਿਰ ਗੰਦੇ ਸ਼ਹਿਰਾਂ ਦੀ ਲਿਸਟ ਵਿੱਚ ਤੀਜੇ ਸਥਾਨ 'ਤੇ ਹੈ। ਯਾਨੀ ਪੰਜਾਬ ਦੇ ਫਾਜ਼ਿਲਕਾ ਦਾ ਅਬੋਹਰ ਸ਼ਹਿਰ ਦੇਸ਼ ਭਰ ਵਿੱਚ ਤੀਜਾ ਸਭ ਤੋਂ ਗੰਦਾ ਸ਼ਹਿਰ ਹੈ।
ਪਰ ਉੱਪਰ ਤਸਵੀਰਾਂ ਵਿੱਚ ਹੁਣ ਜਿਹੜਾ ਇਲਾਕਾ ਤੁਸੀਂ ਦੇਖ ਰਹੇ ਹੋ, ਇਹ ਵੀ ਗੰਦੇ ਸ਼ਹਿਰ ਵਜੋਂ ਦਰਜ ਹੋਏ ਅਬੋਹਰ ਦਾ ਹੀ ਹਿੱਸਾ ਹੈ। ਇਹ ਹੈ ਇੱਥੋਂ ਦਾ ਜਸਵੰਤ ਨਗਰ, ਜਿਸ ਦਾ ਨਕਸ਼ ਮੁਹਾਂਦਰਾ ਕਿਸੇ ਸਰਕਾਰ ਜਾਂ ਨਿਗਮ ਨੇ ਹੀ ਸਵਾਰਿਆ ਬਲਕਿ ਇੱਥੋਂ ਦੇ ਲੋਕਾਂ ਨੇ ਹੀ ਇਸ ਨੂੰ ਏਨਾ ਸੋਹਣਾ ਬਣਾ ਦਿੱਤਾ ਕਿ ਹਰੇਕ ਕੋਈ ਇਹੀ ਕਹੇਗਾ ਕਿ ਕਮਲ ਦਾ ਫੁੱਲ ਗੰਦਗੀ ਵਿੱਚ ਹੀ ਖਿੜਦਾ ਹੈ।
ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜਸਵੰਤ ਨਗਰ ਕਿਸੇ ਸਮੇਂ ਬੇਹੱਦ ਪੱਛੜਿਆ ਇਲਾਕਾ ਸੀ ਪਰ ਕੁਲਦੀਪ ਸੰਧੂ ਤੇ ਹੋਰਨਾਂ ਦੀ ਸੋਚ ਅਤੇ ਇਸੇ ਸੋਚ ਨੂੰ ਅਮਲੀਜਾਮਾ ਪਹਿਨਾਉਣ ਲਈ ਵਧਾਏ ਕਦਮਾਂ ਨੇ ਇਸ ਨਗਰ ਦੀ ਨੁਹਾਰ ਬਦਲ ਦਿੱਤੀ ਹੈ।
ਇੱਥੋਂ ਦੀ ਸੋਸ਼ਲ ਵੈਲਫੇਅਰ ਸੋਸਾਇਟੀ ਨੇ ਸਿਆਸੀ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਰਕਾਰੀ ਫੰਡਾਂ ਦੀ ਉਡੀਕ ਕੀਤੇ ਬਿਨ੍ਹਾਂ ਹੀ ਆਪਣੇ ਇਲਾਕੇ ਨੂੰ ਸਾਫ਼ ਸੁਥਰਾ ਤੇ ਸੋਹਣਾ ਬਣਾ ਲਿਆ ਹੈ। ਇਸ ਉੱਦਮ ਲਈ ਹਰੇਕ ਮਹੀਨੇ ਹਰ ਘਰ ਤੋਂ ਮਹਿਜ਼ 200 ਰੁਪਏ ਇਕੱਠੇ ਕੀਤੇ ਜਾਂਦੇ ਹਨ। ਬੂੰਦ ਬੂੰਦ ਨਾਲ ਸਾਗਰ ਭਰਦੈ ਤੇ ਥੋੜ੍ਹੀ ਥੋੜ੍ਹੀ ਰਕਮ ਹੀ ਇਲਾਕੇ ਦਾ ਰੰਗ-ਰੂਪ ਬਦਲ ਰਹੀ ਹੈ।