ਜਲਾਲਾਬਾਦ: ਤਹਿਸੀਲ ਕੰਪਲੈਕਸ ਵਿੱਚ ਨਗਰ ਕੌਂਸਲ ਚੋਣਾਂ ਦੀਆਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਹੋਈ ਕਾਂਗਰਸੀਆਂ ਅਤੇ ਅਕਾਲੀ ਵਰਕਰਾਂ ਦੀ ਆਪਸੀ ਝੜਪ ਤੋਂ ਬਾਅਦ ਐਤਵਾਰ ਨੂੰ ਜਲਾਲਾਬਾਦ ਦੀ ਅਕਾਲੀ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਕੀਤੀ। ਅਕਾਲੀ ਨੇਤਾਵਾਂ ਨੇ ਕਾਂਗਰਸੀ ਵਿਧਾਇਕ ਅਤੇ ਉਨ੍ਹਾਂ ਦੇ ਬੇਟੇ ਸਮੇਤ ਵਰਕਰਾਂ ਦੀਆਂ ਝੜਪ ਦੌਰਾਨ ਹਿੰਸਾ ਵਿਚ ਸ਼ਾਮਲ ਹੋਣ ਸਬੰਧੀ ਤਸਵੀਰਾਂ ਜਾਰੀ ਕੀਤੀਆਂ ਗਈਆਂ।
ਇਹ ਹੈ ਮਾਮਲਾ
ਅਕਾਲੀ ਵਰਕਰਾਂ ਨੇ ਜਾਰੀ ਕੀਤੀਆਂ ਕਾਂਗਰਸੀਆਂ ਵੱਲੋਂ ਝੜਪ ਦੀਆਂ ਤਸਵੀਰਾਂ ਨਗਰ ਕੌਂਸਲ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਜਲਾਲਾਬਾਦ ਕੋਰਟ ਕੰਪਲੈਕਸ ਵਿੱਚ ਬੀਤੀ 2 ਫਰਵਰੀ ਨੂੰ ਕਾਂਗਰਸ ਅਤੇ ਅਕਾਲੀ ਵਰਕਰਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ ਜਿਸ ਵਿੱਚ ਦੋਵਾਂ ਪਾਰਟੀਆਂ ਵੱਲੋਂ ਇਕ ਦੂਜੇ ਉੱਤੇ ਪੱਥਰਬਾਜ਼ੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕੀਤੇ ਗਏ। ਉਥੇ ਹੀ, ਇਸ ਹਮਲੇ ਦੌਰਾਨ ਫਾਇਰਿੰਗ ਵੀ ਕੀਤੀ ਗਈ ਜਿਸ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਰਕਰਾਂ ਨੂੰ ਗੋਲੀ ਵੀ ਲੱਗੀ ਸੀ ਅਤੇ ਸੁਖਬੀਰ ਸਿੰਘ ਬਾਦਲ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ 4 ਉਮੀਦਵਾਰਾਂ ਦੇ ਉੱਤੇ ਹਿੰਸਾ ਦਾ ਮਾਮਲਾ ਵੀ ਦਰਜ ਕੀਤਾ ਗਿਆ।
ਝੜਪ ਦੀਆਂ ਤਸਵੀਰਾਂ ਕੀਤੀਆਂ ਜਾਰੀ
ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਹੋਈ ਇਸ ਖੂਨੀ ਝੜਪ ਤੋਂ ਬਾਅਦ ਅਕਾਲੀ ਦਲ ਵੱਲੋਂ ਜਲਾਲਾਬਾਦ ਤੋਂ ਵਿਧਾਇਕ ਅਤੇ ਉਸਦੇ ਬੇਟੇ ਸਮੇਤ ਕਾਂਗਰਸੀ ਲੀਡਰਸ਼ਿਪ ਦੇ ਇਸ ਹਮਲੇ ਵਿੱਚ ਸ਼ਾਮਲ ਹੋਣ ਸਬੰਧੀ ਤਸਵੀਰਾਂ ਮੀਡੀਆ ਅੱਗੇ ਜਾਰੀ ਕੀਤੀਆਂ ਗਈਆਂ ਹਨ। ਉੱਥੇ ਹੀ, ਮੀਡੀਆ ਦੇ ਰੂਬਰੂ ਹੁੰਦਿਆਂ ਅਕਾਲੀ ਦਲ ਦੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਸ ਹਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਉੱਤੇ ਵੀ ਸਵਾਲ ਚੁੱਕੇ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਮਾਹੌਲ ਖਰਾਬ ਕੀਤਾ ਜਾ ਸਕਦਾ ਹੈ ਜਿਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਪ੍ਰਸ਼ਾਸਨ ਦੀ ਹੋਵੇਗੀ। ਉੱਥੇ ਹੀ ਇਸ ਹਮਲੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਵਿਧਾਇਕ ਰਮਿੰਦਰ ਆਵਲਾ ਵਲੋਂ ਕਿਹਾ ਗਿਆ ਸੀ ਕਿ ਉਹ ਇਸ ਹਿੰਸਕ ਝੜਪ ਵਿੱਚ ਕੋਰਟ ਕੰਪਲੈਕਸ ਵਿੱਚ ਸ਼ਾਮਲ ਨਹੀਂ ਸੀ, ਪਰ ਉਨ੍ਹਾਂ ਕਿਹਾ ਕਿ ਤਸਵੀਰਾਂ ਵਿੱਚ ਉਹ ਅਤੇ ਉਨ੍ਹਾਂ ਦੇ ਬੇਟੇ ਸਮੇਤ ਕਾਂਗਰਸੀ ਵਰਕਰ ਸਾਫ ਦਿਖਾਈ ਇਹ ਦੇ ਰਹੇ ਹਨ। ਉਥੇ ਹੀ, ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀ ਵਰਕਰਾਂ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸ ਦਾ ਜਵਾਬ ਅਕਾਲੀ ਵਰਕਰਾਂ ਵੱਲੋਂ ਦਿੱਤਾ ਜਾਵੇਗਾ।