ਫਤਿਹਗੜ੍ਹ ਸਾਹਿਬ:ਕੱਚੇ ਮਕਾਨ ਤੋਂ ਪੱਕੇ ਮਕਾਨ ਬਣਾਉਣ ਦੀ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਸਕੀਮ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਪਰ ਫਿਰ ਵੀ ਬਹੁਤ ਸਾਰੇ ਅਜਿਹੇ ਪਰਿਵਾਰ ਹਨ, ਜੋ ਇਸ ਸਕੀਮ ਦੇ ਲਾਭ ਤੋਂ ਵਾਂਝੇ ਹਨ। ਜੇਕਰ ਗੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੀ ਕੀਤੀ ਜਾਵੇ, ਤਾਂ ਇੱਥੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਹਲਕੇ ਦੇ 95 ਪਿੰਡਾਂ ਦੇ 3000 ਪਰਿਵਾਰਾਂ ਦੇ ਵੱਲੋਂ ਫਾਰਮ ਭਰੇ ਗਏ ਸਨ। ਪਰ ਅਜੇ ਵੀ ਬਹੁਤ ਸਾਰੇ ਪਰਿਵਾਰ ਇਸ ਸਕੀਮ ਦੀ ਪਹਿਲੀ ਕਿਸ਼ਤ ਲੈਣ ਦੇ ਲਈ ਤਰਸ ਰਹੇ ਹਨ। ਜਿਨ੍ਹਾਂ ਦੇ ਘਰਾਂ ਦੇ ਹਾਲਾਤ ਤਰਸਯੋਗ ਹਨ।
ਇਸ ਸਕੀਮ ਦੇ ਫਾਰਮ ਭਰਨ ਵਾਲੇ ਲੋਕਾਂ ਦਾ ਕਹਿਣਾ ਸੀ, ਕਿ ਉਨ੍ਹਾਂ ਵੱਲੋਂ ਤਿੰਨ ਚਾਰ ਵਾਰ ਭਰੇ ਫਾਰਮ ਭਰੇ ਗਏ ਹਨ। ਪਰ ਸਾਲ ਤੋਂ ਵੱਧ ਦਾ ਸਮਾਂ ਹੋ ਜਾਣ ਦੇ ਬਾਅਦ ਵੀ ਉਨ੍ਹਾਂ ਨੂੰ ਕੋਈ ਲਾਭ ਨਹੀਂ ਮਿਲਿਆ। ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਬੀਡੀਪੀਓ ਅਮਲੋਹ ਕੁਲਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਪੈਸੇ ਮਿਲਣ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਹੀ ਦੇਰੀ ਹੋਈ ਹੈ, ਸਰਵੇ ਕੀਤਾ ਗਿਆ ਹੈ ਜਲਦ ਹੀ ਇਨ੍ਹਾਂ ਨੂੰ ਪੈਸੇ ਮਿਲ ਜਾਣਗੇ।
ਇਸ ਮੌਕੇ ਗੱਲਬਾਤ ਕਰਦੇ ਹੋਏ ਜਗਤਾਰ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਕੱਚੇ ਮਕਾਨਾਂ ਨੂੰ ਪੱਕਾ ਕਰਨ ਦੇ ਲਈ ਚਲਾਈ ਗਈ ਸਕੀਮ ਦੇ ਤਹਿਤ ਉਨ੍ਹਾਂ ਵੱਲੋਂ ਫਾਰਮ ਤਿੰਨ ਚਾਰ ਵਾਰ ਭਰੇ ਗਏ ਹਨ। ਪਰ ਅਜੇ ਤੱਕ ਉਨ੍ਹਾਂ ਨੂੰ ਇਕ ਵੀ ਰੁਪਿਆ ਨਹੀਂ ਮਿਲਿਆ। ਪੈਸਾ ਨਾ ਹੋਣ ਦੇ ਕਾਰਨ ਘਰ ਦੀ ਛੱਤ ਡਿੱਗਣ ਤੋਂ ਬਾਅਦ ਉਨ੍ਹਾਂ ਨੇ 2 ਸਾਲ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਰਹਿ ਕੇ ਕੱਟੇ। ਫਿਰ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਮਦਦ ਕਰਦੇ ਹੋਏ ਸੀਮਿੰਟ ਦੀਆਂ ਚਾਦਰਾਂ ਦੀ ਛੱਤ ਬਣਾਕੇ ਦਿੱਤੀ।