ਸ੍ਰੀ ਫ਼ਤਿਹਗੜ੍ਹ ਸਾਹਿਬ: 6ਵੀਂ ਪਾਤਸ਼ਾਹੀ ਗੁਰਦੁਆਰਾ ਸ੍ਰੀ ਖਾਰਾ ਪਾਣੀ ਮੱਟੂ ਭਾਈਕੇ ਨੂੰ ਨਾਜਾਇਜ਼ ਕਬਜੇ ਤੋਂ ਛੁੱਡਵਾਉਣ ਵਾਲੇ ਜਨਾਬ ਅਜ਼ਹਰ ਮੱਲੀ ਦਾ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਪਹੁੰਚਣ 'ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਨਮਾਨਤ ਕੀਤਾ ਗਿਆ। ਇਹ ਗੁਰਦੁਆਰਾ ਅਤੇ ਇਸ ਦੀ 10 ਏਕੜ ਜ਼ਮੀਨ ਪਿਛਲੇ 70 ਸਾਲਾਂ ਤੋਂ ਨਾਜਾਇਜ਼ ਕਬਜ਼ੇ ਹੇਠ ਸੀ ਜਿਸ ਨੂੰ ਜਨਾਬ ਅਜ਼ਹਰ ਮੱਲੀ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਗੱਲਬਾਤ ਕਰਕੇ ਛੁੱਡਵਾ ਲਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ, ਜਿੱਥੇ ਜਨਾਬ ਅਜ਼ਹਰ ਮੱਲੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਅਜ਼ਹਰ ਮੱਲੀ ਵੱਲੋਂ ਕੀਤਾ ਗਿਆ ਇਹ ਕੰਮ ਦੋਵੇਂ ਮੁਲਕਾਂ 'ਚ ਆਪਸੀ ਸਬੰਧ ਸੁਧਾਰਨ 'ਚ ਯੋਗਦਾਨ ਦੇਵੇਗਾ।