ਸ੍ਰੀ ਫਤਿਹਗੜ੍ਹ ਸਾਹਿਬ: ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਈਟੀਵੀ ਭਾਰਤ ਪਹੁੰਚਿਆ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ। ਇਹ ਉਹ ਇਤਿਹਾਸਿਕ ਧਰਤੀ ਹੈ, ਜਿੱਥੇ ਬੱਬਰ ਸ਼ੇਰ ਨੇ 48 ਘੰਟਿਆਂ ਤੱਕ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸਰੀਰ ਦੀ ਰਾਖੀ ਕੀਤੀ ਸੀ।
ਦੱਸ ਦਈਏ, ਜਦੋਂ 1704 ਈ. ਵਿੱਚ ਜਾਲਮ ਮੁਗਲ ਸਰਕਾਰ ਨੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦਿੱਤੀ ਸੀ। ਇਸ ਤੋਂ ਬਾਅਦ ਮੋਤੀ ਰਾਮ ਮਹਿਰਾ ਜੀ ਨੇ ਮਾਤਾ ਗੁਜਰ ਕੌਰ ਜੀ ਨੂੰ ਸਾਰੀ ਵਾਰਦਾਤ ਸੁਣਾਈ ਤੇ ਮਾਤਾ ਗੁਜਰ ਕੌਰ ਜੀ ਨੇ ਇਹ ਬਚਨ ਸੁਣ ਕੇ ਵਾਹਿਗੁਰੂ ਜੀ ਦਾ ਹੁਕਮ ਮੰਨਦੇ ਹੋਏ ਅਰਦਾਸ ਕੀਤੀ ਤੇ "ਤੇਰਾ ਕੀਆ ਮੀਠਾ ਲਾਗੈ" ਦੇ ਕਥਨ ਅਨੁਸਾਰ ਸਰੀਰ ਤਿਆਗ ਦਿੱਤਾ।
ਉੱਥੇ ਹੀ ਜਾਲਮਾਂ ਨੇ ਤਿੰਨ ਪਵਿੱਤਰ ਸਰੀਰਾਂ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਲ ਵੱਗਦੀ ਹੰਸਲਾ ਨਦੀ ਦੇ ਕੰਡੇ ਸੰਘਣੇ ਜੰਗਲਾਂ ਵਿੱਚ ਇਸ ਸਥਾਨ 'ਤੇ ਸੁੱਟ ਦਿੱਤੇ। ਜਿਸ ਭਿਆਨਕ ਜੰਗਲ ਵਿੱਚ ਸਰੀਰਾਂ ਨੂੰ ਰੱਖਿਆ, ਉਸ ਜੰਗਲ ਵਿੱਚ ਜੰਗਲੀ ਜਾਨਵਰ ਰਹਿੰਦੇ ਸਨ, ਤਾਂ ਉੱਥੇ ਬੱਬਰ ਸ਼ੇਰ ਨੇ 48 ਘੰਟੇ ਪਵਿੱਤਰ ਸਰੀਰਾਂ ਦੀ ਰਾਖੀ ਕੀਤੀ। ਇਸ ਦੇ ਨਾਲ ਹੀ ਦੀਵਾਨ ਟੋਡਰ ਮਲ ਨੇ ਸੰਘੜੇ ਜੰਗਲਾਂ ਵਿੱਚ ਆ ਕੇ ਪਵਿੱਤਰ ਸਰੀਰਾਂ ਦੀ ਸਾਂਭ-ਸੰਭਾਲ ਕੀਤੀ।
ਇੱਥੋਂ ਪਵਿੱਤਰ ਸਰੀਰਾਂ ਨੂੰ ਬਿਬਾਨ ਵਿੱਚ ਸਜਾ ਕੇ ਗੁਰਦੁਆਰਾ ਜੋਤੀ ਸਰੂਪ ਵਿਖੇ ਲਿਜਾਇਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਦੀਵਾਨ ਟੋਡਰ ਮੱਲ ਨੂੰ ਪਵਿੱਤਰ ਰੂਹਾਂ ਦੇ ਸਸਕਾਰ ਲਈ ਜ਼ਮੀਨ ਮੋਹਰਾਂ ਦੇ ਕੇ ਖ਼ਰੀਦਣੀ ਪਈ ਸੀ। ਉਸ ਵੇਲੇ ਜਿਸ ਸਥਾਨ 'ਤੇ ਤਿੰਨ ਪਵਿੱਤਰ ਸਰੀਰਾਂ ਨੂੰ ਰੱਖਿਆ ਗਿਆ ਸੀ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸੁਸ਼ੋਭਿਤ ਹੈ।