ਫ਼ਤਹਿਗੜ੍ਹ ਸਾਹਿਬ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਮਾਸਟਰਮਾਈਂਡ ਗ੍ਰੰਥੀ ਨਿਕਲਿਆ। ਖੰਨਾ ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇਸ ਗ੍ਰੰਥੀ ਸਮੇਤ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਦੇ 11 ਮੋਟਰਸਾਈਕਲ ਬਰਾਮਦ ਕੀਤੇ। ਇਹ ਸਾਰੇ ਵਿਅਕਤੀ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਸੀ। ਫੜੇ ਗਏ ਗਿਰੋਹ ਦੇ ਮੈਂਬਰਾਂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ, ਚੋਰੀ ਅਤੇ ਲੁੱਟਾਂ ਖੋਹਾਂ ਦੇ ਮੁਕੱਦਮੇ ਦਰਜ ਹਨ।
ਗ੍ਰੰਥੀ ਨੂੰ ਵੇਚੇ ਜਾਂਦੇ ਸੀ ਚੋਰੀ ਦੇ ਮੋਟਰ ਸਾਈਕਲ :ਐਸਪੀ (ਆਈ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਸਿਟੀ ਥਾਣਾ 2 ਦੀ ਪੁਲਿਸ ਨੇ ਅਮਲੋਹ ਚੌਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੁਖਬਰ ਦੀ ਸੂਚਨਾ 'ਤੇ ਮੰਡੀ ਗੋਬਿੰਦਗੜ੍ਹ ਦੇ ਇਕਬਾਲ ਨਗਰ ਵਾਸੀ ਰਵੀ ਕਾਂਤ ਅਤੇ ਰੂਪ ਨਗਰ ਮੰਡੀ ਗੋਬਿੰਦਗੜ੍ਹ ਵਾਸੀ ਵਰਿੰਦਰ ਸਿੰਘ ਨੂੰ ਚੋਰੀ ਦੇ ਪਲਾਟੀਨਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਕੋਲੋਂ ਚੋਰੀ ਦੇ 2 ਮੋਟਰਸਾਈਕਲ ਬਰਾਮਦ ਹੋਏ ਸੀ। ਇਹਨਾਂ ਦੀ ਪੁੱਛਗਿੱਛ ਤੋਂ ਸਾਮਣੇ ਆਇਆ ਕਿ ਚੋਰੀ ਕੀਤੇ ਮੋਟਰਸਾਈਕਲ ਲਵਪ੍ਰੀਤ ਸਿੰਘ ਉਰਫ ਲਾਡੀ ਵਾਸੀ ਅੰਮ੍ਰਿਤਸਰ ਜੋਕਿ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਹੈ, ਨੂੰ ਵੇਚੇ ਜਾਂਦੇ ਸੀ।
ਚੋਰੀ ਦੇ 3 ਮੋਟਰਸਾਈਕਲ ਬਰਾਮਦ :ਪੁਲਿਸ ਨੇ ਗ੍ਰੰਥੀ ਲਵਪ੍ਰੀਤ ਸਿੰਘ ਨੂੰ ਮੁਕੱਦਮੇ 'ਚ ਨਾਮਜ਼ਦ ਕਰ ਕੇ ਉਸ ਕੋਲੋਂ ਚੋਰੀ ਦੇ 3 ਮੋਟਰਸਾਈਕਲ ਬਰਾਮਦ ਕੀਤੇ। ਗ੍ਰੰਥੀ ਦਾ ਰਿਮਾਂਡ ਲੈਣ ਉਪਰੰਤ ਪੁੱਛਗਿੱਛ ਦੌਰਾਨ ਇਹ ਗੱਲ ਸਾਮਣੇ ਆਈ ਕਿ ਰਾਮ ਕ੍ਰਿਸ਼ਨ ਉਰਫ ਰਾਮਾ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਵੀ ਚੋਰੀ ਦੇ ਮੋਟਰਸਾਈਕਲ ਵੇਚੇ ਜਾਂਦੇ ਸੀ। ਇਸ ਉਪਰੰਤ ਰਾਮਾ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਗਏ। ਇਸ ਮਾਮਲੇ ਚ ਪੁਲਸ ਨੇ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਜੋਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਚੋਰੀ ਕੀਤੇ ਗਏ ਸੀ।