ਫ਼ਤਿਹਗੜ੍ਹ ਸਾਹਿਬ : ਇੱਕ ਨਿੱਜੀ ਹੋਟਲ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੀ ਇੱਕ ਵਿਸ਼ੇਸ਼ ਬੈਠਕ ਹੋਈ। ਜਿਸ ਦੀ ਅਗਵਾਈ ਯੂਥ ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੇਖੋਂ ਨੇ ਕੀਤੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਵਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜੋ ਨਸ਼ੇ ਦਾ ਛੇਵਾਂ ਦਰਿਆ ਵਗ ਰਿਹਾ ਹੈ ਇਸ ਦਾ ਬੂਟਾ ਬਾਦਲ ਸਾਹਿਬ ਨੇ ਲਗਾਇਆ ਸੀ ਜਿਸ ਨੂੰ ਪਾਣੀ ਦੇ ਕੇ ਕੈਪਟਨ ਪ੍ਰਫੁੱਲਿਤ ਕਰ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਨੌਜਵਾਨੀ ਖ਼ਰਾਬ ਹੋ ਰਹੀ ਹੈ ਕਿਉਂਕਿ ਪੂਰੇ ਪੰਜਾਬ ਦੇ ਹਰ ਪਿੰਡ ਅਤੇ ਮੁਹੱਲੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ।
ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਅੱਖਾਂ ਬੰਦ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਮਰਦੇ ਹੋਏ ਦੇਖ ਰਹੇ ਹਨ। ਜਦੋਂ ਕੈਪਟਨ ਸਾਹਿਬ ਸੱਤਾ ਵਿੱਚ ਆਏ ਸੀ, ਉਦੋਂ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਦੀ ਸੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ। ਪਰ ਅੱਜ ਵੀ ਪੰਜਾਬ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ।
ਉੱਥੇ ਹੀ ਵਰਿੰਦਰ ਸਿੰਘ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਐੱਸਜੀਪੀਸੀ ਕੋਲੋਂ ਕਰੀਬ 262 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁੰਮ ਹੋ ਗਏ ਹਨ, ਜਿਨ੍ਹਾਂ ਦਾ ਕੁੱਝ ਪਤਾ ਨਹੀਂ ਚੱਲ ਰਿਹਾ ਕਿ ਇਹ ਸਰੂਪ ਕਿਥੇ ਗਏ? ਸਾਨੂੰ ਡਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਸ਼ਰਾਰਤੀ ਅਨਸਰ ਉਨ੍ਹਾਂ ਸਰੂਪਾਂ ਦੀ ਬੇਅਦਬੀ ਕਰ ਕੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਨਾ ਕਰ ਦੇਵੇ।
ਇਨ੍ਹਾਂ ਗੁੰਮ ਹੋਏ ਸਰੂਪਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਜਿਨ੍ਹਾਂ ਤੋਂ ਸਰੂਪ ਗੁੰਮ ਹੋਏ ਹਨ ਉਹ ਉਨ੍ਹਾਂ ਦੀ ਨਿਰਪੱਖ ਜਾਂਚ ਕਿਵੇਂ ਕਰ ਸਕਦੇ ਹਨ। ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜੇ ਜਾਂਚ ਹੀ ਕਰਵਾਉਣੀ ਸੀ ਤਾਂ ਸਾਰੀਆਂ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਲੈ ਕੇ ਜਾਂਚ ਕਰਵਾਉਣੀ ਚਾਹੀਦੀ ਸੀ।