ਫ਼ਰੀਦਕੋਟ: ਕੋਰੋਨਾ ਵਾਇਰਸ ਦੇ ਚਲਦਿਆਂ ਲੌਕਡਾਊਨ ਦੌਰਾਨ ਕੰਮਕਾਜ਼ ਬੰਦ ਹੋਣ ਕਾਰਨ ਪੰਜਾਬ ਅੰਦਰ ਰਹਿ ਰਹੇ ਵੱਖ-ਵੱਖ ਸੂਬਿਆਂ ਦੇ ਮਜ਼ਦੂਰਾਂ ਵਲੋਂ ਹੁਣ ਪੰਜਾਬ ਤੋਂ ਆਪਣੇ ਘਰਾਂ ਨੂੰ ਵਾਪਸੀ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਫ਼ਰੀਦਕੋਟ ਜਿਲ੍ਹੇ ਤੋਂ 173 ਮਜ਼ਦੂਰਾਂ ਉੱਤਰ-ਪ੍ਰਦੇਸ਼ ਲਈ ਰਵਾਨਾ ਹੋਏ।
ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਫ਼ਰੀਦਕੋਟ ਪਰਮਦੀਪ ਸਿੰਘ ਅਤੇ ਤਹਿਸੀਲਦਾਰ ਫ਼ਰੀਦਕੋਟ ਪਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੀਆਰਟੀਸੀ ਦੀਆਂ ਬੱਸਾਂ ਰਾਹੀਂ ਜੈਤੋਂ, ਕੋਟਕਪੂਰਾ ਅਤੇ ਫ਼ਰੀਦਕੋਟ ਤੋਂ ਫ਼ਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਉੱਤੇ ਭੇਜਿਆ ਗਿਆ। ਫ਼ਿਰ ਇਨ੍ਹਾਂ ਸਾਰਿਆਂ ਨੂੰ ਇੱਕ ਸਪੈਸ਼ਲ ਟਰੇਨ ਰਾਹੀਂ ਉੱਤਰ-ਪ੍ਰਦੇਸ਼ ਭੇਜਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਮਜ਼ਦੂਰਾਂ ਨੂੰ ਖਾਣ-ਪੀਣ ਦਾ ਸਾਰਾ ਸਮਾਨ ਮੁਫ਼ਤ ਮੁਹੱਈਆ ਕਰਵਾਇਆ ਗਿਆ।