ਮਕਾਨ ਦੀ ਛੱਤ ਡਿਗਣ ਕਾਰਨ ਗਰਭਵਤੀ ਔਰਤ ਸਣੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਫ਼ਰੀਦਕੋਟ : ਜ਼ਿਲ੍ਹੇ ਦੇ ਕਸਬਾ ਕੋਟਕਪੂਰਾ ਵਿੱਚ ਬੁੱਧਵਾਰ ਤੜਕੇ ਕਰੀਬ 4 ਵਜੇ ਇੱਕ ਘਰ ਦੀ ਛੱਤ ਡਿੱਗਣ ਕਾਰਨ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮਲਬੇ ਹੇਠ ਦੱਬ ਕੇ ਇਕ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਮ੍ਰਿਤਕਾਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਲ ਹੈ।
ਸੱਤ ਮਹੀਨਿਆਂ ਦੀ ਗਰਭਵਤੀ ਦੀ ਵੀ ਮੌਤ :ਦੱਸ ਦਈਏ ਕਿ ਪੂਰੇ ਪੰਜਾਬ ਵਿੱਚ ਬਰਸਾਤ ਨਾਲ ਆਏ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਕਈ ਲੋਕਾਂ ਦੀ ਮੌਤ ਦੀ ਵੀ ਖਬਰ ਹੈ। ਇਸੇ ਤਰ੍ਹਾਂ ਫਰੀਦਕੋਟ ਦੇ ਕੋਟਕਪੂਰਾ ਵਿੱਚ ਬੁੱਧਵਾਰ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਕ ਘਰ ਦੀ ਛੱਤ ਡਿੱਗ ਗਈ। ਘਰ ਵਿੱਚ ਸੁੱਤੇ ਪਏ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਜਦਕਿ ਇੱਕ ਜ਼ਖਮੀ ਹੈ। ਹਾਦਸੇ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਹ ਹਾਦਸਾ ਮੀਂਹ ਕਾਰਨ ਵਾਪਰਿਆ। ਇਸ ਹਾਦਸੇ ਦੌਰਾਨ ਮਰਨ ਵਾਲਿਆਂ ਵਿੱਚ ਗੁਰਪ੍ਰੀਤ ਸਿੰਘ, ਉਸ ਦੀ ਸੱਤ ਮਹੀਨਿਆਂ ਦੀ ਗਰਭਵਤੀ ਪਤਨੀ ਕਰਮਜੀਤ ਕੌਰ ਅਤੇ ਚਾਰ ਸਾਲਾ ਪੁੱਤਰ ਗੈਵੀ ਸ਼ਾਮਲ ਹਨ। ਜਦੋਂ ਕਿ ਉਸ ਦੇ ਘਰ ਸੁੱਤੀ ਪਈ ਉਸ ਦੇ ਗੁਆਂਢ ਦੀ 15 ਸਾਲਾ ਲੜਕੀ ਮਨੀਸ਼ਾ ਜ਼ਖ਼ਮੀ ਹੋ ਗਈ।
ਗੱਲਬਾਤ ਕਰਦਿਆਂ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਰਾਮ ਰੱਖਾ ਸਿੰਘ ਨੇ ਦੱਸਿਆ ਕਿ ਉਹ ਬਾਹਰ ਬਰਾਂਡੇ ਵਿਚ ਸੁੱਤਾ ਹੋਇਆ ਸੀ ਅਤੇ ਉਸ ਦੀ ਉਸਦਾ ਲੜਕਾ ਗੁਰਪ੍ਰੀਤ ਸਿੰਘ ਉਮਰ ਕਰੀਬ 39 ਸਾਲ, ਨੂੰਹ ਕਰਮਜੀਤ ਕੌਰ, ਪੋਤਾ ਗੈਵੀ ਅਤੇ ਇਕ ਗੁਆਂਢੀਆਂ ਦੀ ਲੜਕੀ ਇੰਦਰਜੀਤ ਕੌਰ ਪੁੱਤਰੀ ਨਿੱਕਾ ਸਿੰਘ ਕਮਰੇ ਅੰਦਰ ਸੁੱਤੇ ਹੋਏ ਸਨ ਤਾਂ ਸਵੇਰੇ ਕਰੀਬ 4 ਵਜੇ ਕਮਰੇ ਦੀ ਛੱਤ ਡਿੱਗ ਗਈ ਅਤੇ ਉਸਦਾ ਲੜਕਾ ਅਤੇ ਬਾਕੀ ਮੈਂਬਰ ਛੱਤ ਦੇ ਮਲਬੇ ਹੇਠ ਦੱਬ ਗਏ, ਜਿਨ੍ਹਾਂ ਨੂੰ ਉਸ ਨੇ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ। ਉਹਨਾਂ ਦੱਸਿਆ ਕਿ ਉਸ ਦੀ ਨੂੰਹ 7 ਮਹੀਨੇ ਦੀ ਗਰਭਵਤੀ ਸੀ ਉਸ ਸਮੇਤ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਅਤੇ ਪੋਤਰੇ ਗੇਵੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ।
ਪਾਣੀ ਪੈਣ ਕਾਰਨ ਧਸੀਆਂ ਮਕਾਨ ਦੀਆਂ ਕੰਧਾਂ :ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਕਾਨ ਦੇ ਪਿਛਲੇ ਪਾਸੇ ਖੇਤ ਹਨ। ਖੇਤਾਂ ਵਿਚ ਮੀਂਹ ਦਾ ਪਾਣੀ ਭਰਿਆ ਹੋਣ ਕਾਰਨ ਮਕਾਨ ਦੀਆਂ ਕੰਧਾਂ ਧਸ ਗਈਆਂ, ਜਿਸ ਕਾਰਨ ਮਕਾਨ ਦੀ ਛੱਤ ਡਿਗੀ ਹੈ। ਮੌਕੇ ਤੇ ਪਹੁੰਚੇ SDM ਕੋਟਕਪੂਰਾ ਮੈਡਮ ਵੀਰਪਾਲ ਕੌਰ ਨੇ ਦਸਿਆ ਕਿ ਇਸ ਹਾਦਸੇ ਵਿਚ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋਈ ਹੈ ਅਤੇ ਇਕ ਨਾਬਾਲਿਗ ਲੜਕੀ ਜਖ਼ਮੀ ਹੋਈ ਹੈ ਜਿਸ ਦਾ ਇਲਾਜ ਚੱਲ ਰਿਹਾ। ਉਹਨਾਂ ਕਿਹਾ ਕਿ ਪਰਿਵਾਰ ਦੀ ਜੋ ਵੀ ਹੋਇਆ ਹਰ ਪੱਖ ਤੋਂ ਮਦਦ ਕੀਤੀ ਜਾਵੇਗੀ।