ਫ਼ਰੀਦਕੋਟ: ਬਹਿਬਕਲਾਂ ਗੋਲੀਕਾਡ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਨਾਮਜ਼ਦ ਕੀਤੇ ਗਏ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਅਤੇ ਮੁਅਤੱਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਫ਼ਰੀਦਕੋਟ ਦੇ ਸੀਜੇਐਮ ਸੁਰੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਹੋਏ, ਜਿਥੋਂ ਉਨ੍ਹਾਂ ਅਦਾਲਤ ਨੇ ਇੱਕ-ਇੱਕ ਲੱਖ ਰੁਪਏ ਦੇ ਮੁਚਲਕੇ 'ਤੇ ਜਮਾਨਤ 'ਤੇ ਰਿਹਾਅ ਕਰ ਦਿੱਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਕਿਹਾ ਕਿ ਪਰਮਰਾਜ ਸਿੰਘ ਉਮਰਾਨੰਗ ਅਤੇ ਸੁਮੇਧ ਸਿੰਘ ਸੈਣੀ ਨੂੰ ਵਿਸੇਸ਼ ਜਾਂਚ ਟੀਮ ਨੇ ਬਹਿਬਕਲਾਂ ਗੋਲੀਕਾਂਡ ਵਿੱਚ ਨਾਮਜ਼ਦ ਕਰ ਉਨ੍ਹਾਂ ਖਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਦੋਹਾਂ ਨੇ ਪੰਜਾਬ ਅਤੇ ਹਰਿਆਣਾ-ਹਾਈਕੋਰਟ ਵਿੱਚ ਅਗਾਊਂ ਜਮਾਨਤ ਲਈ ਅਰਜੀ ਲਗਾਈ ਸੀ।
ਬਹਿਬਲ ਕਲਾਂ ਗੋਲੀਕਾਂਡ: ਫ਼ਰੀਦਕੋਟ ਅਦਾਲਤ ਵਿੱਚੋਂ ਸੈਣੀ ਤੇ ਉਮਰਾਨੰਗਲ ਨੂੰ ਮਿਲੀ ਜ਼ਮਾਨਤ ਹਾਈਕੋਰਟ ਨੇ ਦੋਹਾਂ ਦੀ ਅਗਾਊਂ ਜਮਾਨਤ ਅਰਜੀ ਮਨਜੂਰ ਕਰਦਿਆ ਦੋਹਾਂ ਨੂੰ 8 ਮਾਰਚ ਤੱਕ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ, ਜਿਸ ਦੇ ਚਲਦੇ ਅੱਜ ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਏ ਅਤੇ ਜ਼ਮਾਨਤ ਭਰੀ। ਉਨ੍ਹਾਂ ਦੱਸਿਆ ਕਿ ਦੋਹਾਂ ਨੂੰ ਅਦਾਲਤ ਨੇ 1-1 ਲੱਖ ਰੁਪਏ ਦੇ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ।
ਇਸ ਮੌਕੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨਾਲ ਗੱਲ ਕਰਨੀ ਚਾਹੀ ਤਾਂ ਉੁਹਨਾਂ ਕਿਹਾ ਕਿ ਉਹ ਕਿਸੇ ਹੋਰ ਦਿਨ ਵਿਸਥਾਰ ਪੂਰਵਕ ਗੱਲਬਾਤ ਕਰਨਗੇ ਪਰ ਅੱਜ ਨਹੀਂ।
ਇਸ ਮੌਕੇ ਗੱਲਬਾਤ ਕਰਦਿਆਂ ਅਡੀਸ਼ਨਲ ਜ਼ਿਲ੍ਹਾ ਅਟਾਰਨੀ ਪੰਕਜ ਤਨੇਜਾ ਨੇ ਕਿਹਾ ਕਿ ਬਹਿਬਲਕਲਾ ਗੋਲੀਕਾਂਡ ਮਾਮਲੇ ਨਾਲ ਸੰਬੰਧਿਤ ਐਫਆਈਆਰ ਨੰਬਰ 130 ਤਹਿਤ ਅੱਜ ਉਮਰਾਨੰਗਲ ਅਤੇ ਸੈਣੀ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਏ ਸਨ, ਜਿਨਾਂ ਨੂੰ ਅਦਾਲਤ ਨੇ ਇੱਕ-ਇੱਕ ਲੱਖ ਰੁਪਏ ਦੇ ਮੁਚਲਕੇ 'ਤੇ ਜ਼ਮਾਨਤ ਪਰ ਰਿਹਾਅ ਕਰ ਦਿੱਤਾ। ਇਸਦੇ ਨਾਲ ਹੀ ਜੋ ਚਲਾਨ ਦੀਆਂ ਕਾਪੀਆਂ ਮੰਗੀਆਂ ਗਈਆਂ ਸਨ, ਉਹ ਵੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ ਅਤੇ ਅਗਲੀ ਸੁਣਵਾਈ ਕੱਲ੍ਹ ਨੂੰ ਰੱਖੀ ਗਈ ਹੈ।