ਫਰੀਦਕੋਟ:ਜ਼ਿਲ੍ਹੇ ਦਾ ਇੱਕ ਅਜਿਹਾ ਹੀ ਨੌਜਵਾਨ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਿਹਾ ਹੈ ਤੇ ਨਾਲ-ਨਾਲ ਚੰਗੀ ਕਮਾਈ ਵੀ ਕਰ ਰਿਹਾ ਹੈ। ਗੱਲ ਕਰ ਰਹੇ ਹਾਂ ਫ਼ਰੀਦਕੋਟ ਦੇ ਨੌਜਵਾਨ ਜਸਵਿੰਦਰ ਗਿੱਲ ਦੀ ਜਿਨ੍ਹਾਂ ਵੱਲੋਂ ਗਰੀਨ ਆਰਗੈਨਿਕ ਢਿੱਡ ਸੁਨਾਮ ਤੇ ਇਕ ਪਲਾਂਟ ਚਲਾਇਆ ਜਾ ਰਿਹਾ ਜਿਸ ਵਿੱਚ ਉਨ੍ਹਾਂ ਵੱਲੋਂ ਗੰਡੋਇਆਂ ਦੀ ਮੱਦਦ ਨਾਲ ਜੈਵਿਕ ਖਾਦ ਤਿਆਰ ਕਰਕੇ ਜਿੱਥੇ ਖਾਦ ਵੇਚ ਕੇ ਮੁਨਾਫ਼ਾ ਕਮਾਇਆ ਜਾ ਰਿਹਾ ਹੈ ਉੱਥੇ ਹੀ ਆਰਗੈਨਿਕ ਖੇਤੀ ਲਈ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।
ਵਰਮੀ ਕੰਪੋਸਟ ਵਿਧੀ ਨਾਲ ਖਾਦ ਤਿਆਰ
ਇਸ ਮੌਕੇ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਰਮੀ ਕੰਪੋਸਟ ਵਿਧੀ ਨਾਲ ਗੋਹੇ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ ਜੋ ਪੂਰੀ ਤਰ੍ਹਾਂ ਜ਼ਹਿਰ ਮੁਕਤ ਹੈ। ਉਨ੍ਹਾਂ ਦੱਸਿਆ ਕਿ ਇਸ ਖਾਦ ਨੂੰ ਜ਼ਮੀਨ ਵਿੱਚ ਪਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਉੱਥੇ ਹੀ ਜ਼ਮੀਨ ਨੂੰ ਜ਼ਹਿਰਾਂ ਤੋਂ ਵੀ ਛੁਟਕਾਰਾ ਮਿਲਦਾ ਹੈ ਅਤੇ ਸਾਨੂੰ ਜ਼ਹਿਰ ਮੁਕਤ ਅਨਾਜ ਪ੍ਰਾਪਤ ਹੁੰਦਾ ਹੈ।
ਖਾਦ ਬਣਾਉਣ ਲਈ ਗੰਡੋਇਆਂ ਦੀ ਕੀਤੀ ਜਾ ਰਹੀ ਵਰਤੋਂ
ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਕੋਈ ਵੀ ਬੇਰੁਜ਼ਗਾਰ ਸ਼ੁਰੂ ਕਰ ਸਕਦਾ ਤੇ ਆਪਣਾ ਰੁਜ਼ਗਾਰ ਦਾ ਧੰਦਾ ਚਲਾ ਸਕਦਾ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਸ਼ਹਿਰ ਵਿੱਚੋਂ ਪਸ਼ੂ ਪਾਲਕਾਂ ਤੋਂ ਗੋਹਾ ਇਕੱਤਰ ਕੀਤਾ ਜਾਂਦਾ ਹੈ ਜਿਸ ਨੂੰ ਪਲਾਂਟ ‘ਤੇ ਲਿਆ ਕੇ ਕਰੀਬ ਬਾਰਾਂ ਤੋਂ ਪੰਦਰਾਂ ਦਿਨ ਤੱਕ ਪਾਣੀ ਪਾ ਕੇ ਪਲਟਾ ਮਰਵਾ ਕੇ ਜ਼ਹਿਰ ਮੁਕਤ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਗੋਹੇ ਨੂੰ ਇਕ ਖਾਸ ਢੰਗ ਨਾਲ ਬਣਾਏ ਗਏ ਬੈੱਡ ‘ਤੇ ਪੌਲੀਥੀਨ ਉੱਪਰ ਵਿਛਾ ਦਿੱਤਾ ਜਾਂਦਾ ਹੈ ਅਤੇ ਉਸ ਵਿੱਚ ਗੰਡੋਏ ਛੱਡ ਦਿੱਤੇ ਜਾਂਦੇ ਹਨ।