ਫਰੀਦਕੋਟ :ਫਰੀਦਕੋਟ ਜਿਲ੍ਹੇ ਵਿੱਚ ਸਾਲ 2015 ਦੇ ਬਹੁਚਰਚਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨਾਲ ਜੁੜੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਦੇ ਗਵਾਹਾਂ ਨੇ ਬੀਤੇ ਦਿਨੀ ਫਰੀਦਕੋਟ ਦੀ ਅਦਾਲਤ ਵਿੱਚ ਇਕ ਅਰਜੀ ਦਾਇਰ ਕਰਕੇ ਆਪਣੇ ਬਿਆਨ ਮੁੜ ਤੋਂ ਦਰਜ ਕਰਵਾਏ ਜਾਣ ਦੀ ਮੰਗ ਕੀਤੀ ਹੈ। ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆ ਸਿਫਾਰਸ਼ਾਂ ਉੱਤੇ ਤਤਕਾਲੀ ਪੰਜਾਬ ਸਰਕਾਰ ਵੱਲੋਂ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸਦੇ ਮੁਖੀ ਏਡੀਜੀਪੀ ਪ੍ਰਬੋਧ ਕੁਮਾਰ ਨੂੰ ਲਗਾਇਆ ਗਿਆ ਸੀ ਅਤੇ ਉਹਨਾਂ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਵੀ ਤੈਨਾਤ ਕੀਤੇ ਗਏ ਸਨ।
ਹਾਈਕੋਰਟ ਨੇ ਜਾਂਚ ਕੀਤੀ ਸੀ ਖਾਰਜ :ਕੁੱਲ 5 ਉੱਚ ਪੱਧਰ ਦੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿਚ ਇਕੱਲੇ ਕੁੰਵਰ ਵਿਜੇ ਪ੍ਰਤਾਪ ਵਲੋਂ ਲੀਡ ਕੀਤਾ ਗਿਆ ਸੀ ਅਤੇ ਵੱਖ-ਵੱਖ ਸਮਿਆਂ ਉੱਤੇ ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਕਰੀਬ 9 ਚਲਾਨ ਅਦਾਲਤ ਵਿਚ ਦਾਇਰ ਕੀਤੇ ਗਏ ਸਨ, ਜਿਸ ਵਿਚ ਵੱਖ-ਵੱਖ ਗਵਾਹਾਂ ਅਤੇ ਮੌਕੇ ਦੇ ਗਵਾਹਾਂ ਦੇ ਬਿਆਨ ਵੀ ਦਰਜ ਸਨ। ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਆਪਣੀਆਂ ਸੇਵਾਵਾਂ ਤੋਂ ਅਸਤੀਫਾ ਦੇ ਦਿੱਤਾ ਸੀ।